ਤਰਨਤਾਰਨ 27 ਸੰਤਬਰ (ਨਵਤੇਜ ਸਿੰਘ ਏਕਲਗੱਡਾ ਤੇ ਰਣਜੋਧ ਸਿੰਘ ਗੱਗੋਬੈਅ/ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਬੀਬੀਆਂ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸ਼ੇਰੋਂ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਤੇ ਪੰਜਾਬ ਤੇ ਦੇਸ਼ ਭਰ ਵਿੱਚ ਔਰਤਾਂ ਖਿਲਾਫ ਹੋ ਰਹੇ ਜਬਰ-ਜ਼ੁਲਮ ਖਿਲਾਫ ‘ਲਲਕਾਰ ਰੈਲੀ’ ਕਿਸਾਨ ਲਹਿਰ ਤੇ ਦੁਨੀਆਂ ਭਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦੇਣ ਤੋਂ ਬਾਅਦ ਸ਼ੁਰੂ ਕੀਤੀ ਗਈ।
ਇਸ ਵਿਸ਼ਾਲ ਰੈਲੀ ਵਿੱਚ ਜ਼ਿਲ੍ਹੇ ਦੇ 16 ਜ਼ੋਨਾਂ ਵਿੱਚੋਂ ਜਥੇਬੰਦੀ ਦੇ ਵਿਧਾਨ ਮੁਤਾਬਕ ਪਿੰਡ ਪੱਧਰ ਤੋਂ ਚੁਣ ਕੇ ਆਈਆਂ 16 ਬੀਬੀਆਂ ਨੂੰ ਜ਼ਿਲ੍ਹਾ ਅਹੁਦੇਦਾਰ ਐਲਾਨਿਆ ਗਿਆ। ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਕੱਲਾ, ਮੀਤ ਪ੍ਰਧਾਨ ਬੀਬੀ ਦਵਿੰਦਰ ਕੌਰ ਪਿੱਦੀ, ਮੀਤ ਪ੍ਰਧਾਨ ਬੀਬੀ ਗੁਰਮੀਤ ਕੌਰ ਸੂਰਵਿੰਡ , ਮੀਤ ਸਕੱਤਰ ਬੀਬੀ ਰਣਜੀਤ ਕੌਰ ਜੰਡੋਕੇ ਅਤੇ ਰਾਜਵਿੰਦਰ ਕੌਰ ਖੋਜਕੀਪੁਰ, ਜਸਬੀਰ ਕੌਰ ਦਬੁਰਜੀ, ਬਲਜੀਤ ਕੌਰ ਐਮੀਸ਼ਾਹ , ਕਸ਼ਮੀਰ ਕੌਰ ਸੁਰ ਸਿੰਘ, ਕੁਲਵੰਤ ਕੌਰ ਧਾਰੀਵਾਲ,ਰੰਜੂਪੁਰੀ ਖਵਾਸਪੁਰ, ਰਣਜੀਤ ਕੌਰ ਕੋਟ ਬੁੱਢਾ,ਕਸ਼ਮੀਰ ਕੌਰ ਛੀਨਾ, ਬਲਜਿੰਦਰ ਕੌਰ ਚੋਹਲਾ, ਰਾਜਵਿੰਦਰ ਕੌਰ ਸਰਿਹਾਲੀ ਕਲਾ, ਸੁਰਜੀਤ ਕੌਰ ਸੰਘਰ, ਸਰਬਜੀਤ ਕੌਰ ਕੋਟ ਧਰਮਚੰਦ
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂੰ, ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਆਗੂ ਹਰਪ੍ਰੀਤ ਸਿੱਧਵਾਂ ਨੇ ਕਿਹਾ ਕਿ ਸਦੀਆਂ ਤੋਂ ਮਨੂੰ ਸਿਮ੍ਰਤੀਆਂ ਦੁਆਰਾ ਬਣੇ ਬ੍ਰਾਹਮਣਵਾਦੀ ਪ੍ਰਬੰਧ, ਸਮੇਂ ਸਮੇਂ ਦੇ ਹਾਕਮਾਂ, ਅਫਸਰਸ਼ਾਹੀ ਤੇ ਸਰਮਾਏਦਾਰ ਕਾਰਪੋਰੇਟਾਂ ਦੇ ਨਾਪਾਕ ਗੱਠਜੋੜ ਵੱਲੋਂ ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡ ਕੇ ਔਰਤਾਂ ਨੂੰ ਅਬਲਾ ਤੇ ਅਤਿ ਦੀ ਕਮਜ਼ੋਰ ਤੇ ਮਰਦ ਦੀ ਸੇਵਾ ਕਰਨ ਵਾਲੀ ਵਸਤੂ ਬਣਾ ਕੇ ਰੱਖਿਆ ਹੈ, ਜੋ ਅੱਜ ਵੀ ਪਹਿਲਾਂ ਦੀ ਤਰ੍ਹਾਂ ਹੀ ਔਰਤ ਉੱਤੇ ਹਰ ਤਰ੍ਹਾਂ ਦਾ ਜਬਰ-ਜ਼ੁਲਮ, ਵਿਤਕਰਾ ਤੇ ਸੋਸ਼ਣ ਦਰਬਾਰੀਆਂ, ਅਧਿਕਾਰੀਆਂ, ਪੁਜਾਰੀਆਂ ਤੇ ਵਪਾਰੀਆਂ (ਕਾਰਪੋਰੇਟਾਂ) ਵੱਲੋਂ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਲਈ ਜਥੇਬੰਦੀ ਵੱਲੋਂ ਵਿਧਾਨ ਵਿੱਚ ਕੱਢੇ ਕਾਰਜਾਂ ਨੂੰ ਪੂਰਾ ਕਰਨ ਲਈ ਔਰਤਾਂ ਨੂੰ ਜਥੇਬੰਦੀ ਵਿੱਚ ਪਿੰਡ ਪੱਧਰ ਤੋਂ ਲੈ ਕੇ ਸੂਬੇ ਪੱਧਰ ਤੱਕ ਬਣੇ ਜਥੇਬੰਦਕ ਢਾਂਚੇ ਵਿੱਚ ਬਰਾਬਰ ਦਾ ਦਰਜ਼ਾ ਦਿੱਤਾ ਜਾ ਰਿਹਾ ਹੈ। ਜਿਸ ਦੀ ਸ਼ੁਰੂਆਤ ਇਸ ਜ਼ਿਲ੍ਹੇ ਵੱਲੋਂ ਕਰ ਦਿੱਤੀ ਗਈ ਹੈ। ਇਸ ਇਨਕਲਾਬੀ ਕਾਰਜ ਨੂੰ ਗੁਰੂ ਸਾਹਿਬ ਦੇ ਫਲਸਫੇ ਅਨੁਸਾਰ ਚਾਰ ਹਜ਼ਾਰ ਸਾਲ ਤੋਂ ਜਾਗੀਰੂ ਤੇ ਮਰਦ ਪ੍ਰਧਾਨ ਜਕੜ ਤੋੜ ਕੇ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ। ਔਰਤਾਂ ਨੂੰ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਦਿਵਾਉਣ ਲਈ ਪਿੰਡਾਂ ਵਿੱਚ ਜਥੇਬੰਦ ਤਾਕਤ ਦੇ ਰੂਪ ਵਿੱਚ ਬੀਬੀਆਂ ਨੂੰ ਜਥੇਬੰਦ ਕਰਕੇ ਤੇ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਦੀਆਂ ਕਮੇਟੀਆਂ ਦੇ ਨਾਲ ਤਾਲਮੇਲ ਬਣਾ ਕੇ ਪਿੰਡਾਂ ਵਿੱਚੋਂ ਬ੍ਰਾਹਮਣਵਾਦੀ ਪ੍ਰਬੰਧ ਵੱਲੋਂ ਫੈਲਾਏ ਕਰਮ-ਕਾਂਡ, ਵਹਿਮ-ਭਰਮ, ਮੂਰਤੀ ਪੂਜਾ, ਬੁੱਤ ਪੂਜਾ, ਊਚ-ਨੀਚ, ਜਾਤ-ਪਾਤ ਵਰਗੀਆਂ ਬੁਰਾਈਆਂ ਦਾ ਖਾਤਮਾ ਕਰ ਦਿੱਤਾ ਜਾਵੇਗਾ ਤੇ ਭਗਤ ਰਵਿਦਾਸ ਦੇ ਕਲਪੇ ਬੇਗ਼ਮਪੁਰ ਤੇ ਗੁਰੂ ਸਾਹਿਬਾਨ ਦੁਆਰਾ ਕਲਪੇ ਹਲੀਮੀ ਰਾਜ ਵੱਲ ਵਧਿਆ ਜਾਵੇਗਾ। ਜਿਸ ਦੀ ਨੀਂਹ ਸੱਚ ਉੱਤੇ ਹੋਵੇਗੀ।
ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ, ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ, ਬੀਬੀ ਸੁਖਪ੍ਰੀਤ ਕੌਰ ਬਠਿੰਡਾ ਤੇ ਬੀਬੀ ਗੁਰਬਖਸ਼ ਕੌਰ ਕਪੂੁਰਥਲਾ ਨੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਭਾਜਪਾ ਦੇ ਆਗੂ ਅਜੈ ਮਿਸ਼ਰਾ ਟੈਣੀ ਤੇ ਉਸਦੇ ਪੁੱਤਰ ਅਸੀਸ਼ ਮਿਸ਼ਰਾ ਟੈਣੀ ਨੂੰ ਸਲਾਖਾਂ ਮਗਰ ਧੱਕਣ ਦੀ ਮੰਗ ਨੂੰ ਲੈ ਕੇ 3 ਅਕਤੂਬਰ ਨੂੰ ਦੋਵਾਂ ਫੋਰਮਾਂ ਦੇ ਸੱਦੇ ’ਤੇ 2 ਘੰਟੇ ਰੇਲਾਂ ਦਾ ਚੱਕਾ ਪੰਜਾਬ ਭਰ ਤੇ ਤਰਨਤਾਰਨ ਜ਼ਿਲ੍ਹੇ ਵਿੱਚ ਤਿੰਨ ਥਾਵਾਂ ਉੱਤੇ ਜਾਮ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪਰਾਲੀ ਦੇ ਮੁੱਦੇ ਉੱਤੇ ਭਗਵੰਤ ਮਾਨ ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਤਹਿਤ ਕਿਸਾਨਾਂ ਦੀਆਂ ਫਰਦਾਂ ਵਿੱਚ ਰੈੱਡ ਐਂਟਰੀਆਂ ਕਰਨ, ਪਰਚੇ ਕਰਨ, ਜੁਰਮਾਨੇ ਪਾਉਣ ਤੇ ਜੇਲ੍ਹ ਭੇਜਣ ਦੇ ਤੁਗਲਕੀ ਫੁਰਮਾਨ ਜਾਰੀ ਕੀਤੇ ਗਏ ਹਨ। ਇਹਨਾਂ ਤੁਗਲਕੀ ਫੁਰਮਾਨਾਂ ਦਾ ਮੂੰਹ-ਤੋੜ ਜੁਆਬ ਦਿੰਦਿਆਂ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਕਿਸੇ ਵੀ ਕਿਸਾਨ ਨੂੰ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਦੋਸ਼ੀ ਠਹਿਰਾ ਕੇ ਫਰਦਾਂ ਵਿੱਚ ਰੈੱਡ ਐਂਟਰੀਆਂ ਕਰਨ ਤੇ ਹੋਰ ਜਬਰ ਕਰਨ ਆਏ ਸਰਕਾਰੀ ਅਧਿਕਾਰੀਆਂ ਤੇ ਪੁਲਸ ਅਫਸਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਇਹਨਾਂ ਦੇ ਪਿੰਡਾਂ ਵਿੱਚ ਵੀ ਤੇ ਦਫਤਰਾਂ ਵਿੱਚ ਵੀ ਘੇਰਾਓ ਕੀਤੇ ਜਾਣਗੇ। ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਐਂਟਰੀ ਪਿੰਡਾਂ ਵਿੱਚ ਬੰਦ ਕਰ ਦਿੱਤੀ ਜਾਵੇਗੀ। ਕਿਉਂਕਿ ਕਿਸਾਨ ਪਾਸ ਪੰਜਾਬ ’ਚ ਹੁੰਦੀ ਢਾਈ ਕਰੋੜ ਟਨ ਪਰਾਲੀ ਨੂੰ ਸੰਭਾਲਣ ਲਈ ਕੋਈ ਸਾਧਨ ਨਹੀਂ ਹੈ। ਕੇਂਦਰ ਅਤੇ ਪੰਜਾਬ ਸਰਕਾਰ ਐਨ.ਜੀ.ਟੀ. ਦੇ ਕਿਸਾਨਾਂ ਨੂੰ ਸਬਸਿਡੀ ਤੇ ਸੰਦ-ਸਾਧਨ ਦੇਣ ਦੇ ਫੈਸਲਿਆਂ ਨੂੰ ਲਾਗੂ ਕਰਨ ਤੋਂ ਮੁਨਕਰ ਹੈ। ਕਿਸਾਨ ਜਥੇਬੰਦੀਆਂ ਦੀ 7000 ਰੁਪਏ ਪ੍ਰਤੀ ਏਕੜ ਪਰਾਲੀ ਸਾਂਭਣ ਲਈ ਸਬਸਿਡੀ ਦੇਣ ਦੀ ਕੀਤੀ ਮੰਗ ਵੀ ਨਹੀਂ ਮੰਨੀ ਜਾ ਰਹੀ। ਇਸ ਲਈ ਕਿਸਾਨਾਂ ਪਾਸ ਅੱਗ ਲਗਾਉਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ।
ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਐਮ.ਐਸ.ਪੀ. ਗਾਰੰਟੀ ਕਾਨੂੰਨ, ਸੀ-2+50 ਸਮੇਤ 12 ਮੰਗਾਂ ਮੰਨਵਾਉਣ ਲਈ ਪਿਛਲੇ ਸਾਢੇ ਸੱਤ ਮਹੀਨਿਆਂ ਤੋਂ ਸ਼ੰਭੂ ਖਨੌਰੀ ਤੇ ਰਤਨਪੁਰਾ ਬਾਰਡਰਾਂ ’ਤੇ ਚੱਲ ਰਹੇ ਦੇਸ਼ ਵਿਆਪੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ 30 ਸਤੰਬਰ ਤੇ 10 ਅਕਤੂਬਰ ਨੂੰ ਤਰਨਤਾਰਨ ਜ਼ਿਲ੍ਹੇ ਵਿੱਚੋਂ ਹਜ਼ਾਰਾਂ ਬੀਬੀਆਂ, ਕਿਸਾਨਾਂ ਮਜ਼ਦੂਰਾਂ ਦੇ ਜੱਥੇ ਮੋਰਚੇ ਵਿੱਚ ਜਾਣਗੇ। ਕਿਸਾਨ ਆਗੂਆਂ ਨੇ ਇਕੱਠ ਵਿੱਚ ਮਤੇ ਪਾਸ ਕਰਵਾ ਕੇ ਮੰਗ ਕੀਤੀ ਕਿ ਬਾਸਮਤੀ ਤੇ ਝੋਨੇ ਦੀ ਫਸਲ ਦੀ ਮੰਡੀਆਂ ਵਿੱਚ ਹੋਰ ਰਹੀ ਲੁੱਟ-ਖਸੁੱਟ ਤੇ ਵਪਾਰੀਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਿਲੀ-ਭੁਗਤ ਨਾਲ ਰੇਟ ਹੇਠਾਂ ਸੁੱਟ ਕੇ ਕਮਾਏ ਜਾ ਰਹੇ ਕਰੋੜਾਂ ਰੁਪਏ ਦੇ ਮੁਨਾਫਿਆਂ ਖਿਲਾਫ ਜਥੇਬੰਦੀ ਵੱਲੋਂ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ ਤੇ ਕੇਂਦਰ ਤੇ ਪੰਜਾਬ ਸਰਕਾਰ ਤੁਰੰਤ ਮੰਡੀਆਂ ਵਿੱਚ ਹੋ ਰਹੀ ਲੁੱਟ ਬੰਦ ਕਰਵਾ ਕੇ ਬਾਸਮਤੀ ਦਾ ਰੇਟ 6000 ਰੁਪਏ ਪ੍ਰਤੀ ਕੁਇੰਟਲ ਮਿਥ ਕੇ ਬਾਸਮਤੀ ਕਾਰਪੋਰੇਸ਼ਨ ਬਣਾਵੇ ਤੇ ਖਰੀਦ ਸ਼ੁਰੂੂ ਕਰੇ। 1 ਅਕਤੂਬਰ ਤੋਂ ਝੋਨੇ ਦੀ ਖਰੀਦ ਸੁਚਾਰੂ ਰੂਪ ਵਿੱਚ ਸ਼ੁਰੂ ਕਰਵਾਈ ਜਾਵੇ ਤੇ ਖਰੀਦੇ ਮਾਲ ਦੀ ਲਿਫਟਿੰਗ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰ੍ਹਾਂ ਡੀ.ਏ.ਪੀ. ਖਾਦ ਕਿੱਲਤ, ਚੋਰ-ਬਾਜ਼ਾਰੀ ਤੇ ਨਕਲੀ ਵਿਕ ਰਹੀ ਖਾਦ ਉੱਤੇ ਪੰਜਾਬ ਸਰਕਾਰ ਧਿਆਨ ਦੇਵੇ ਤੇ ਕਿਸਾਨਾਂ ਨੂੰ ਆ ਰਹੀ ਦਿੱਕਤ ਦੂਰ ਕਰੇ।
ਇਸੇ ਤਰ੍ਹਾਂ ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣ ਰਹੇ ਨੈਸ਼ਨਲ ਹਾਈਵੇਅ ਲਈ ਅਕਵਾਇਰ ਕੀਤੀ ਗਈ ਜ਼ਮੀਨ ਦਾ ਨੋਟੀਫਿਕੇਸ਼ਨ ਰੱਦ ਕਰਕੇ ਦੁਬਾਰਾ ਭੂਮੀ ਗ੍ਰਹਿਣ ਐਕਟ 2013 ਮੁਤਾਬਕ ਅਮਲ ਕੀਤਾ ਜਾਵੇ। ਜਿੰਨਾ ਚਿਰ ਤੱਕ ਇਸ ਉੱਤੇ ਅਮਲ ਨਹੀਂ ਹੁੰਦਾ, ਤਰਨਤਾਰਨ ਤੇ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਜ਼ਮੀਨਾਂ ਉੱਤੇ ਜਬਰੀ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ। ਪੰਜਾਬ ਸਰਕਾਰ ਬਣੀ ਨੀਤੀ ਮੁਤਾਬਕ ਦਿੱਲੀ ਅੰਦੋਲਨ-1 ਅਤੇ ਦਿੱਲੀ ਅੰਦੋਲਨ-2 ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ ਤੇ ਪਰਿਵਾਰ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਵੇ ਤੇ ਉਹਨਾਂ ਦਾ ਸਮੁੱਚਾ ਕਰਜ਼ਾ ਖਤਮ ਕਰੇ। ਇਸੇ ਤਰ੍ਹਾਂ ਦੇਸ਼ ਭਰ ਵਿੱਚ ਦਰਬਾਰੀਆਂ, ਅਧਿਕਾਰੀਆਂ, ਪੁਜਾਰੀਆਂ, ਕਾਰਪੋਰੇਟਾਂ, ਰਜਵਾੜਿਆਂ, ਜਾਗੀਰਦਾਰਾਂ ਪਾਸ ਦੇਸ਼ ਦੀ ਅੱਧੀ 30 ਕਰੋੜ ਵਾਹੀਯੋਗ ਜ਼ਮੀਨ ਜਬਤ ਕਰਕੇ ਸਾਰੇ ਬੇਜ਼ਮੀਨਿਆਂ ਨੂੰ ਪੰਜ-ਪੰਜ ਏਕੜ ਤੇ ਥੁੜ੍ਹ ਜ਼ਮੀਨਿਆਂ ਦੀ ਪੰਜ ਏਕੜ ਪੂਰੀ ਕੀਤੀ ਜਾਵੇ। ਇਸ ਮੌਕੇ ਫਤਿਹ ਸਿੰਘ ਪਿੱਦੀ, ਜਰਨੈਲ ਸਿੰਘ ਨੂਰਦੀ, ਰੇਸ਼ਮ ਸਿੰਘ ਘੁਰਕਵਿੰਡ, ਹਰਵਿੰਦਰ ਸਿੰਘ ਕੰਗ, ਬਲਵਿੰਦਰ ਸਿੰਘ ਚੋਹਲਾ ਸਾਹਿਬ ਤੇ ਦਿਆਲ ਸਿੰਘ ਮੀਆਂ ਵਿੰਡ ਨੇ ਵੀ ਸੰਬੋਧਨ ਕੀਤਾ।

