ਵਿਸ਼ੇਸ਼ ਮਹਿਮਾਨ ਗੁਰਚਰਨ ਸਿੰਘ ਅਟਵਾਲ ਨੇ ਅੱਠਵੀਂ ਅਤੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਕੇ ਕੀਤਾ ਸਨਮਾਨਿਤ
ਫਰੀਦਕੋਟ , 17 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਪਿਛਲੇ 8 ਸਾਲਾਂ ਤੋਂ ਸਰਗਰਮ ਸਮਾਜ ਸੇਵੀ ਸੰਸਥਾ ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਇੱਥੋਂ ਥੋੜ੍ਹੀ ਦੂਰ ਸਰਕਾਰੀ ਹਾਈ ਸਕੂਲ ਬੀੜ ਸਿੱਖਾਂ ਵਾਲਾ ਵਿਖੇ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਇੰਜੀਨੀਅਰ ਹਰਪਾਲ ਸਿੰਘ ਖੁਰਮੀ ਸੇਵਾ ਮੁਕਤ ਡਿਪਟੀ ਚੀਫ਼ ਇੰਜੀਨੀਅਰ, ਵਿਸ਼ੇਸ਼ ਮਹਿਮਾਨ ਵਜੋਂ ਗੁਰਚਰਨ ਸਿੰਘ ਅਟਵਾਲ ਸੇਵਾ ਮੁਕਤ ਸੁਪਰਡੈਂਟ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਮੈਡਮ ਸਤਵੰਤ ਕੌਰ ਸੇਵਾ ਮੁਕਤ ਉਪ ਜਿਲਾ ਸਿੱਖਿਆ ਅਫਸਰ ਬਠਿੰਡਾ ਅਤੇ ਮੈਡਮ ਹਰਸਿਮਰਨਜੀਤ ਕੌਰ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਬੀੜ ਸਿੱਖਾਂ ਵਾਲਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ । ਇਸ ਮੌਕੇ ਤੇ ਸੰਬੋਧਨ ਕਰਦਿਆਂ ਸੁਸਾਇਟੀ ਦੇ ਅਹੁਦੇਦਾਰ ਪ੍ਰੇਮ ਚਾਵਲਾ, ਪ੍ਰੋਫੈਸਰ ਹਰਬੰਸ ਸਿੰਘ ਪਦਮ, ਸੋਮ ਨਾਥ ਅਰੋੜਾ, ਸੁਖਚੈਨ ਸਿੰਘ ਥਾਂਦੇਵਾਲਾ , ਮੁਖਤਿਆਰ ਸਿੰਘ ਮੱਤਾ ਨੇ ਸੋਸਾਇਟੀ ਦੇ ਉਦੇਸ਼ਾਂ ਅਤੇ ਪਿਛਲੇ ਅੱਠਾਂ ਸਾਲਾਂ ਦੌਰਾਨ ਕੀਤੇ ਗਏ ਕਾਰਜਾਂ ਸਬੰਧੀ ਰੌਸ਼ਨੀ ਪਾਈ। ਸਮਾਗਮ ਦੇ ਮੁੱਖ ਮਹਿਮਾਨ ਹਰਪਾਲ ਸਿੰਘ ਖੁਰਮੀ , ਉਹਨਾਂ ਦੀ ਪਤਨੀ ਅਮਰਜੀਤ ਕੌਰ, ਬੇਟੀ ਅਤੇ ਸਕੂਲ ਅਧਿਆਪਕਾ ਮੈਡਮ ਮਨਿੰਦਰ ਕੌਰ ਅਤੇ ਉਹਨਾਂ ਦੇ ਜੀਵਨ ਸਾਥੀ ਇੰਦਰਦੀਪ ਸਿੰਘ ਧੁੰਨਾਂ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹਨਾਂ ਨੂੰ ਬੜੀ ਖੁਸ਼ੀ ਹੈ ਕਿ ਉਨਾਂ ਦੇ ਪਿਤਾ ਹਰਪਾਲ ਸਿੰਘ ਖੁਰਮੀ ਨੇ ਆਪਣਾ 80ਵਾਂ ਜਨਮ ਦਿਨ ਮਨਾਉਣ ਵਾਸਤੇ ਥਾਂ ਦੀ ਚੋਣ ਸਰਕਾਰੀ ਹਾਈ ਸਕੂਲ ਬੀੜ ਸਿੱਖਾਂ ਵਾਲਾ ਵਿਖੇ ਕੀਤੀ ਹੈ।ਮੁੱਖ ਮਹਿਮਾਨ ਵੱਲੋਂ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚੋਂ ਸਿੱਖਿਆ ਹਾਸਿਲ ਕਰਕੇ ਹੀ ਬਹੁਤ ਵੱਡੇ ਅਹੁਦਿਆਂ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਇਸ ਖੁਸ਼ੀ ਦੇ ਮੌਕੇ ਮੁੱਖ ਮਹਿਮਾਨ ਵੱਲੋਂ ਸਕੂਲ ਲਈ 5100 ਰੁਪਏ ਅਤੇ ਮੈਡਮ ਮਨਿੰਦਰ ਕੌਰ ਵੱਲੋਂ 3100 ਰੁਪਏ ਦੀ ਨਕਦ ਰਾਸ਼ੀ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਹਰ ਸਿਮਰਨਜੀਤ ਕੌਰ ਨੂੰ ਸੌਂਪੀ ਗਈ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਗੁਰਚਰਨ ਸਿੰਘ ਅਟਵਾਲ ਨੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ। ਵਿਸ਼ੇਸ਼ ਮਹਿਮਾਨ ਗੁਰਚਰਨ ਸਿੰਘ ਅਟਵਾਲ ਵੱਲੋਂ ਅੱਠਵੀਂ ਅਤੇ ਦਸਵੀਂ ਜਮਾਤਾਂ ਵਿੱਚੋਂ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਮੈਡਮ ਸਤਵੰਤ ਕੌਰ ਨੇ ਕਿਹਾ ਕਿ ਅੱਜ 91 ਸਾਲ ਦੀ ਉਮਰ ਪੂਰੀ ਹੋਣ ਦੇ ਪੂਰੀ ਤਰਾਂ ਤੰਦਰੁਸਤ ਵੀ ਹਨ ਅਤੇ ਸੀਨੀਅਰ ਸਿਟੀਜਿਨਾਂ ਦੀ ਬਿਹਤਰੀ ਲਈ ਲਗਾਤਾਰ ਕਾਰਜਸ਼ੀਲ ਵੀ ਹਨ। ਸਕੂਲ ਦੇ ਮੁੱਖ ਅਧਿਆਪਕਾ ਹਰਸਿਮਰਨਜੀਤ ਕੌਰ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਖੁਰਮੀ ਪਰਿਵਾਰ ਅਤੇ ਅਟਵਾਲ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਮਾਗਮ ਦਾ ਸਟੇਜ ਸੰਚਾਲਨ ਸਕੂਲ ਦੇ ਪੰਜਾਬੀ ਅਧਿਆਪਕ ਸਵਰਨ ਸਿੰਘ ਵੱਲੋਂ ਬਾਖੂਬੀ ਨਿਭਾਇਆ ਗਿਆ।ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਅਤੇ ਅਟਵਾਲ ਪਰਿਵਾਰ ਦੇ ਕਈ ਮੈਂਬਰ ਹਾਜ਼ਰ ਸਨ।