ਫਰੀਦਕੋਟ, 30 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1406/22-ਬੀ ਚੰਡੀਗੜ੍ਹ ਦੇ ਸੁਬਾਈ ਸਾਥੀ ਆਗੂਆਂ ਜਤਿੰਦਰ ਕੁਮਾਰ, ਵੀਰਇੰਦਰਜੀਤ ਸਿੰਘ ਪੁਰੀ ਸੂਬਾ ਪ੍ਰਧਾਨ ਅਤੇ ਸਿਮਰਜੀਤ ਸਿੰਘ ਬਰਾੜ ਜਿਲਾ ਪ੍ਰਧਾਨ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਮੁਲਾਜਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਨੂੰ ਕਈ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਮਲਤਵੀ ਕਰਨ ਅਤੇ ਹਰਿਆਣੇ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਸਮੇਂ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਝੂਠੇ ਸਬਜਬਾਗ ਦਿਖਾਉਣ ਖਿਲਾਫ 2 ਅਕਤੂਬਰ ਨੂੰ ਅੰਬਾਲਾ ਵਿਖੇ ਬਾਜਾਰਾਂ ਅੰਦਰ ‘ਆਪ’ ਉਮੀਦਵਾਰ ਦੇ ਖਿਲਾਫ ਝੰਡਾ ਮਾਰਜ ਕੀਤਾ ਜਾਵੇਗਾ ਤਾਂ ਜੋ ਭਗਵੰਤ ਮਾਨ ਸਰਕਾਰ ਦੀ ਅਸਲੀਅਤ ਲੋਕਾਂ ਸਾਹਮਣੇ ਲਿਆਂਦੀ ਜਾ ਸਕੇ। ਇਸ ਝੰਡਾ ਮਾਰਚ ’ਚ ਜਿਲਾ ਫਰੀਦਕੋਟ ’ਚੋਂ ਮੁਲਾਜਮ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਹਨ। ਆਗੂਆਂ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲਾਂ ਵੀ ਹਿਮਾਚਲ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਝੂਠਾ ਪ੍ਰਚਾਰ ਕੀਤਾ ਗਿਆ ਸੀ ਕਿ ਪੰਜਾਬ ਅੰਦਰ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ ਅਤੇ ਕੱਚੇ ਮੁਲਾਜਮ ਪੱਕੇ ਕਰ ਦਿੱਤੇ ਗਏ ਹਨ, ਜਿਸ ਦਾ ਖਮਿਆਜਾ ਭਗਵੰਤ ਮਾਨ ਦੀ ਪਾਰਟੀ ਨੂੰ ਦੋਨਾਂ ਰਾਜਾਂ ’ਚ ਭੁਗਤਨਾ ਪਿਆ ਸੀ। ਉਹਨਾਂ ਆਖਿਆ ਕਿ ਇਸ ਰੈਲੀ ਸਬੰਧੀ ਮੁਲਾਜਮਾ ਅੰਦਰ ਭਾਰੀ ਉਤਸ਼ਾਹ ਹੈ ਅਤੇ ‘ਆਪ’ ਸਰਕਾਰ ਦੇ ਝੂਠੇ ਪ੍ਰਚਾਰ ਦਾ ਲੋਕ ਬਰੇਕ ਲਾਉਣ ਲਈ ਮੁਲਾਜਮ ਅਤੇ ਪੈਨਸ਼ਨਰ ਆਪਣੇ ਨਿੱਜੀ ਵਾਹਨਾਂ ਅਤੇ ਟ੍ਰੇਨਾਂ ਰਾਹੀਂ ਵੱਡੀ ਗਿਣਤੀ ’ਚ ਪਹੁੰਚ ਕੇ ਆਪਣਾ ਜਥੇਬੰਦਕ ਫਰਜ ਨਿਭਾਉਣਗੇ।