ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੱਕ ਅਧਿਆਪਕ ਤੋਂ ਗਾਇਕੀ ਵੱਲ ਆਇਆ ਮਸ਼ਹੂਰ ਗਾਇਕ ਹਰਿੰਦਰ ਸੰਧੂ ਸੂਝਵਾਨ ਸਰੋਤਿਆਂ ਦਾ ਚਹੇਤਾ ਗਾਇਕ ਹੈ। ਪਿਛਲੇ ਲੰਬੇ ਅਰਸੇ ਤੋਂ ਉਹ ਲੋਕ ਤੱਥ,ਸੋਲ੍ਹੋ ਗੀਤ ਅਤੇ ਦੋਗਾਣਿਆਂ ਰਾਹੀਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਛਾਇਆ ਹੋਇਆ ਹੈ। ਉਸ ਦੇ ਸੱਭਿਆਚਾਰਕ ਅਤੇ ਸਮਾਜਿਕ ਗੀਤ ਜਿੱਥੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਦੇ ਹਨ ਉੱਥੇ ਹੀ ਉਹ ਆਪਣੇ ਗੀਤਾਂ ਰਾਹੀਂ ਸਮਾਜ ਨੂੰ ਨਿੱਗਰ ਸੁਨੇਹਾ ਵੀ ਦੇ ਜਾਂਦਾ ਹੈ। ਹਰਿੰਦਰ ਸੰਧੂ ਵਧੀਆ ਗਾਇਕ ਤਾਂ ਹੈ ਹੀ ਨਾਲ ਹੀ ਸੁਲਝਿਆ ਹੋਇਆ ਗੀਤਕਾਰ ਵੀ ਹੈ। ਏਨੀ ਸ਼ੁਹਰਤ ਖੱਟਣ ਦੇ ਬਾਵਜੂਦ ਵੀ ਉਹ ਆਪਣਾ ਅਧਿਆਪਕ ਦਾ ਫਰਜ਼ ਨਹੀਂ ਭੁੱਲਿਆ। ਕਿਉਂਕਿ ਅਧਿਆਪਕ ਸਮਾਜ ਦਾ ਰਾਹ ਦਸੇਰਾ ਹੁੰਦਾ ਹੈ, ਇਸ ਲਈ ਸੰਧੂ ਦਾ ਹਰ ਗੀਤ ਹੀ ਰਾਹ ਦਸੇਰਾ ਹੁੰਦਾ ਹੈ। ਬੀਤੇ ਦਿਨੀਂ ਹਰਿੰਦਰ ਸੰਧੂ ਅਤੇ ਅਮਨ ਧਾਲੀਵਾਲ ਦਾ ਦੋਗਾਣਾ ‘ਕੋਠੀ’ ਰਲੀਜ਼ ਹੋਇਆ ਹੈ। ਕਿਸੇ ਸਮੇਂ ‘ਪੱਕਾ ਵੇਖ ਕੇ ਕੱਚਾ ਨੀ ਢਾਉਣਾ, ਰੱਖਣਾ ਤਾਂ ਤੇਰੀ ਮਰਜ਼ੀ’ ਬੜਾ ਮਸ਼ਹੂਰ ਹੋਇਆ ਸੀ। ਪਰ ਅੱਜ ਕੱਲ੍ਹ ਬੀਬੀਆਂ ਸ਼ਰੀਕਾਂ ਦੀ ਪਾਈ ਕੋਠੀ ਨੂੰ ਦੇਖ ਕੇ ਕਰਜਾਈ ਆਦਮੀ ਨੂੰ ਉਸ ਤੋਂ ਵੱਡੀ ਕੋਠੀ ਪਾਉਣ ਲਈ ਮਜ਼ਬੂਰ ਕਰਦੀਆਂ ਹਨ। ਅੱਜ ਕੱਲ੍ਹ ਇਹ ਘਰ ਘਰ ਦੀ ਕਹਾਣੀ ਹੈ। ਮੁਹਾਵਰਿਆਂ ਨਾਲ ਭਰਪੂਰ ਦੋਗਾਣੇ ਨੂੰ ਹਰਿੰਦਰ ਸੰਧੂ ਨੇ ਖੁਦ ਬੜੀ ਸ਼ਿੱਦਤ ਨਾਲ ਨਿਭਾਇਆ ਹੈ। ਉਸ ਤੋਂ ਵੀ ਸੋਹਣੇ ਢੰਗ ਨਾਲ ਗਾਇਆ ਅਤੇ ਸਾਦੇ ਢੰਗ ਨਾਲ ਨਿਭਾਇਆ ਹੈ। ਦਵਿੰਦਰ ਸੰਧੂ ਦਾ ਸੰਗੀਤ ਦਿਲ ਨੂੰ ਟੁੰਬਣ ਵਾਲਾ ਹੈ। ਵੀਡੀਓ ਵਿੱਕੀ ਬੌਲੀਵੁੱਡ ਨੇ ਤਿਆਰ ਕੀਤੀ ਹੈ ਅਤੇ ਮਿਕਸਿੰਗ ਸਨੀ ਸੈਵਨ ਨੇ ਕੀਤੀ ਹੈ। ਪ੍ਰੋਜੈਕਟਰ ਮੰਦਰ ਬੀਲ੍ਹੇਵਾਲਾ ਹਨ। ਵਿੱਕੀ ਮਾਨੀਵਾਲੀਆ, ਸੁੱਖ ਸੁਖਵਿੰਦਰ ਅਤੇ ਅੰਮ੍ਰਿਤਪਾਲ ਮਚਾਕੀ ਦਾ ਵਿਸ਼ੇਸ਼ ਸਹਿਯੋਗ ਹੈ। ਉੱਘੇ ਗਾਇਕ ਕੁਲਵਿੰਦਰ ਕੰਵਲ ਦਾ ਸਾਰੀ ਟੀਮ ਨੂੰ ਅਸ਼ੀਰਵਾਦ ਹੈ।