ਹਰ ਸਾਲ ਵਾਂਗ ਲੜਕਿਆਂ ਦੇ ਸਰਕਾਰੀ ਸਕੂਲ ਲਈ ਭੇਜੀ ਰਾਸ਼ੀ
ਫ਼ਰੀਦਕੋਟ, 14 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਫ਼ਰੀਦਕੋਟ ਜ਼ਿਲੇ ਦੇ ਪਿੰਡ ਪੰਜਗਰਾਈ ਕਲਾਂ ਦੇ ਮੂਲ ਵਾਸੀ / ਪਰਵਾਸੀਆਂ ਨੇ ਐਡਮਿੰਟਨ ਚ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ, ਜਿੱਥੇ ਸਮੂਹ ਸੰਗਤ ਨੇ ਬੇਹੱਦ ਉਤਸ਼ਾਹ ਨਾਲ ਬਾਬਾ ਫਰੀਦ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ। ਇਸ ਮੌਕੇ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸੰਗਤ ਦੇ ਬੁਲਾਰੇ ਚਰਨਕੰਵਲ ਸ਼ਰਮਾ ਨੇ ਦੱਸਿਆ ਪਿਛਲੇ ਕੁਝ ਸਾਲਾਂ ਤੋਂ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਤੇ ਇਸ ਸਮਾਗਮ ਦੌਰਾਨ ਇਕੱਤਰ ਹੋਈ ਧਨ ਰਾਸ਼ੀ ਨੂੰ ਪਿੰਡ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਲਾਇਆ ਜਾਂਦਾ ਹੈ। ਇਸ ਵਾਰ ਵੀ 2 ਲੱਖ 6 ਹਜ਼ਾਰ ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਪੰਜਗਰਾਈਂ ਕਲਾਂ(ਫ਼ਰੀਦਕੋਟ ) ਦੇ ਪ੍ਰਿੰਸੀਪਲ ਮਹਿੰਦਰ ਪਾਲ ਸਿੰਘ ਨੂੰ ਭੇਜੇ ਗਏ ਹਨ। ਇਸ ਸਮਾਗਮ ਦੀ ਸਫਲਤਾ ਚ ਸਭ ਤੋਂ ਵੱਡੀ ਸੇਵਾ ਮਾਸਟਰ ਦਰਸ਼ਨ ਸਿੰਘ ਸਰਾਂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ। ਸਮਾਗਮ ਚ ਸਤਨਾਮ ਸਿੰਘ ਬਰਾੜ ਸਪੁੱਤਰ ਸਵ.ਚੇਅਰਮੈਨ ਨਛੱਤਰ ਸਿੰਘ ਬਰਾੜ ਅਤੇ ਪੱਪਾ ਬਰਾੜ ਹਾਂਗਕਾਂਗ ਵਿਸ਼ੇਸ਼ ਤੌਰ ਤੇ ਪਹੁੰਚੇ। ਇਹ ਗੱਲ ਜ਼ਿਕਰਯੋਗ ਹੈ ਕਿ ਹਰ ਸਾਲ ਸਮਾਗਮ ਦੀ ਸਮਾਪਤੀ ਉਪਰੰਤ ਇਕੱਤਰ ਹੋਈ ਧਨ ਰਾਸ਼ੀ ਨੂੰ ਪਿੰਡ ਦੇ ਸਕੂਲਾਂ ਦੇ ਵਿਕਾਸ ਲਈ ਖਰਚਿਆ ਜਾਂਦਾ ਹੈ। ਪਿੰਡ ਦੇ ਪ੍ਰਵਾਸੀਆਂ ਵੱਲੋਂ ਸਕੂਲਾਂ ਦੇ ਵਿਕਾਸ ਲਈ ਲੱਖਾਂ ਰੁਪਏ ਦਿੱਤੇ ਜਾ ਚੁੱਕੇ ਹਨ ਤੇ ਇਸ ਵਾਰ ਦੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸਤਿਨਾਮ ਸਿੰਘ ਬਰਾੜ, ਕੁਲਦੀਪ ਸਿੰਘ ਮਲੂਕਾ, ਨਛੱਤਰ ਸਿੰਘ ਬਰਾੜ ਐਲ.ਬੀ.ਓ. ,ਜਲੰਧਰ ਸਿੰਘ ਸਿੱਧੂ ,ਜਸਵਿੰਦਰ ਸਿੰਘ ਭਿੰਡਰ ,ਜਗਦੇਵ ਸਿੰਘ ਬਰਾੜ ਨੰਬਰਦਾਰ ,ਮੁਖਤਿਆਰ ਸਿੰਘ ਸਰਾਂ,ਮਹਿੰਦਰਪਾਲ ਸਿੰਘ ਕੰਗ,ਪੱਪਾ ਬਰਾੜ ਹਾਂਗਕਾਂਗ ,ਪ੍ਰੀਤਮ ਸਿੰਘ ਬਰਾੜ, ਸੁਖਮੰਦਰ ਸਿੰਘ ਖਾਲਸਾ ,ਮਾਸਟਰ ਦਰਸ਼ਨ ਸਿੰਘ ਸਰਾਂ, ਗੁਰਦੀਪ ਸਿੰਘ ਫੋਟੋਗ੍ਰਾਫਰ, ਕੁਲਵੰਤ ਸਿੰਘ ਸਰਾਂ ,ਗੁਰਪਵਨ ਸਿੰਘ ਬਰਾੜ ਰੋਸਾ, ਰਾਜੂ ਗਰੇਵਾਲ, ਬਾਵਾ ਸਿਮਰਜੀਤ ਸਿੰਘ ਬਰਾੜ,ਏਜਿੰਦਰ ਸਿੱਧੂ, ਗਗਨ ਸਿੱਧੂ, ਮਨਪ੍ਰੀਤ ਸਿੱਧੂ, ਖੁਸ਼ ਸਰਾਂ ,ਰਮਨ ਬਰਾੜ,ਮੋਹਨ ਸਿੰਘ ਬਰਾੜ, ਗੁਰਮੀਤ ਸਿੰਘ ਸਿੱਧੂ, ਚਰਨਕੰਵਲ ਸ਼ਰਮਾ, ਹੈਪੀ ਸਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। ਸਮਾਗਮ ‘ਚ ਸ਼ਾਮਿਲ ਸਾਰੇ ਪ੍ਰਵਾਸੀ ਪੰਜਾਬੀਆਂ ਨੇ ਆਪਣੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਸਕੂਲਾਂ ਦੇ ਵਿਕਾਸ ਅਤੇ ਵਿਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਆਪਣੇ ਦਸਵੰਧ ਸਕੂਲਾਂ ਦੇ ਵਿਕਾਸ ਲਈ ਖ਼ਰਚਣ। ਉਕਤ ਰਾਸ਼ੀ ਸੰਸਥਾ ਚ ਪੁੱਜਣ ਤੇ ਸਕੂਲ ਮੁਖੀ ਮਹਿੰਦਰ ਪਾਲ ਸਿੰਘ, ਸਕੂਲ ਮੈਨੇਜਮੈਂਟ ਕਮੇਟੀ, ਸਮੂਹ ਸਟਾਫ. ਨਗਰ ਪੰਚਾਇਤ ਅਤੇ ਵਿਦਿਆਰਥੀਆਂ ਵੱਲੋਂ ਸਮੂਹ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਪ੍ਰਾਪਤ ਰਾਸ਼ੀ ਦਾ ਇਕ-ਇਕ ਪੈਸਾ ਸੰਸਥਾ ਦੇ ਰੁਕੇ ਹੋਏ ਕਾਰਜਾਂ ਅਤੇ ਬੱਚਿਆਂ ਦੀਆਂ ਜਰੂਰੀ ਲੋੜਾਂ ਤੇ ਹੀ ਲਗਾਉਣ ਦਾ ਅਹਿਦ ਲਿਆ ਗਿਆ। ਇਹ ਦੱਸਣਾ ਜਰੂਰੀ ਕਿ ਐਡਮਿੰਟਨ ਦੀ ਉਕਤ ਸੰਗਤ ਵਲੋਂ ਸੰਸਥਾ ਲਈ ਇਹ ਭੇਜੀ ਗਈ ਤੀਜੀ ਕਿਸ਼ਤ ਪ੍ਰਾਪਤ ਹੋਈ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਨੂੰ ਨਿਰੰਤਰ ਸਹਾਇਤਾ ਰਾਸ਼ੀ ਭੇਜਣ ਤੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਨੋਡਲ ਅਫ਼ਸਰ ਬਲਾਕ ਕੋਟਕਪੂਰਾ ਪਿ੍ਰੰਸੀਪਲ ਕੁਲਵਿੰਦਰ ਕੌਰ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਸਮੂਹ ਪ੍ਰਵਾਸੀਆਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ ਹੈ।