ਜੁਰਮਾਨੇ ਦੇ ਨਾਲ ਮਾਲ ਰਿਕਾਰਡ ਵਿੱਚ ਵੀ ਦਰਜ ਹੋਈ ਰੈਡ ਐਂਟਰੀ
ਸੁਪਰ ਐਸ ਐਮ ਐਸ ਨਾ ਹੋਣ ਤੇ 6 ਕੰਬਾਈਨਾਂ ਦੇ ਕੀਤੇ ਚਲਾਨ
9 ਨੋਡਲ ਅਫਸਰਾਂ ਨੂੰ ਕਾਰਨ ਦੱਸੋ ਨੋਟਿਸ ਕੀਤੇ ਜਾਰੀ
ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਜਿਲੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਕੱਲ ਸ਼ਾਮ ਤੱਕ ਪੰਜਾਬ ਰਿਮੋਰਟ ਸੈਂਸਰਿੰਗ ਸੈਂਟਰ ਲੁਧਿਆਣਾ ਵਲੋਂ ਜਿਲੇ ਵਿੱਚ 112 ਕੇਸ ਅੱਗ ਲਗਾਉਣ ਸਬੰਧੀ ਰਿਪੋਰਟ ਭੇਜੀ ਗਈ ਸੀ, ਜਿੰਨਾਂ ਨੇ ਕਾਰਵਾਈ ਕਰਨ ਉਪਰੰਤ 51 ਕੇਸ ਨੋ ਫਾਇਰ ਦੇ ਸਾਹਮਣੇ ਆਏ ਅਤੇ 61 ਕੇਸਾਂ ਤੇ ਐਫ.ਆਈ.ਆਰ ਕਰਨ ਤੋਂ ਇਲਾਵਾ ਚਾਲਾਨ ਅਤੇ ਉਨਾਂ ਦੇ ਮਾਲ ਰਿਕਾਰਡ ਵਿੱਚ ਰੈੱਡ ਐਂਟਰੀ ਕੀਤੀ ਗਈ। ਉਨਾਂ ਕਿਹਾ ਕਿ ਅੱਗ ਲਾਉਣ ਵਾਲੇ ਵਿਅਕਤੀਆਂ ਨੂੰ ਹੁਣ ਤੱਕ 1 ਲੱਖ 57 ਹਜ਼ਾਰ 500 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ, ਜਿਸ ਵਿੱਚ 1 ਲੱਖ 40 ਹਜ਼ਾਰ ਰੁਪਏ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਫਰੀਦਕੋਟ ਜਿਲੇ ਵਿੱਚ ਨੈਸ਼ਨਲ ਗਰੀਨ ਟਿ੍ਰਬਿਊਨਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਸਾਸਨ ਵੱਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਪਿੰਡਾਂ ਵਿੱਚ ਹਰੇਕ ਪਿੰਡ ਲਈ ਨੋਡਲ ਅਤੇ ਕਲੱਸਟਰ ਅਫਸਰ ਲਗਾਤਾਰ ਜਾ ਕੇ ਲੋਕਾਂ ਨੂੰ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਪ੍ਰਤੀ ਸੁਚੇਤ ਕਰ ਰਹੇ ਹਨ ਅਤੇ ਕਿਤੇ ਵੀ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ਤੇ ਤੁਰੰਤ ਕਾਰਵਾਈ ਹੋਂਦ ਵਿੱਚ ਲਿਆ ਰਹੇ ਹਨ। ਉਨਾਂ ਕਿਹਾ ਕਿ ਨੋਡਲ ਅਫਸਰਾਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਦੇ ਫਾਇਦਿਆਂ ਬਾਰੇ ਵੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਹਾਰਵੈਸਟ ਕੰਬਾਇਨਾਂ ਲਈ ਸੁਪਰ ਐਸ.ਐਮ.ਐਸ. ਤਕਨੀਕ ਲਾਜਮੀ ਕੀਤਾ ਗਿਆ ਹੈ ਪਰ ਫਿਰ ਵੀ ਕਈ ਕੰਬਾਇਨ ਮਾਲਕ ਕੰਬਾਇਨਾਂ ਸੁਪਰ ਐਸ.ਐਮ.ਐਸ. ਤੋਂ ਬਿਨਾਂ ਚਲਾ ਰਹੇ ਹਨ ਜਿੰਨਾ ਤੇ ਕਾਰਵਾਈ ਕਰਦੇ ਹੋਏ ਹੁਣ ਤੱਕ 6 ਚਾਲਾਨ ਕੱਟੇ ਗਏ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਹੁਣ ਤੱਕ 9 ਨੋਡਲ ਅਫਸਰਾਂ ਜਿੰਨਾ ਦੇ ਏਰੀਏ ਵਿੱਚ ਅੱਗ ਜ਼ਿਆਦਾ ਲੱਗੀ ਹੈ, ਨੂੰ ਕਾਰਨ ਦੱਸੋਂ ਨੋਟਿਸ ਕੀਤੇ ਗਏ ਅਤੇ 3 ਖਿਲਾਫ ਅੰਡਰ ਐਕਟ 14 ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਖੇਤਾਂ ਵਿੱਚ ਫਸਲ ਦੀ ਰਹਿੰਦ ਖੂੰਹਦ ਅਤੇ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜਿਲਾ ਪ੍ਰਸ਼ਾਸ਼ਨ ਦਾ ਸਾਥ ਦੇਣ।
—
