ਫਰੀਦਕੋਟ, 1 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ)
ਪੰਜਾਬ ਦੇ ਸਰਕਾਰੀ ਹਾਈ ਸਕੂਲਾਂ ਵਿੱਚ ਕੰਮ ਕਰਦੇ ਹੈਡਮਾਸਟਰ ਤੇ ਹੈਡ ਮਿਸਟ੍ਰੈਸ ਦੀ ਜਥੇਬੰਦੀ ਹੈੱਡਮਾਸਟਰਜ਼ ਐਸੋਸੀਏਸ਼ਨ, ਪੰਜਾਬ ਦੇ ਸੱਦੇ ਅਨੁਸਾਰ ਪੰਜਾਬ ਦੇ 117 ਵਿਧਾਇਕਾਂ ਅਤੇ 13 ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਦੇਣ ਅਤੇ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਵਿਰੁੱਧ ਰੋਸ ਪ੍ਰਗਟ ਕਰਨ ਤਹਿਤ ਅੱਜ ਸੂਬਾ ਕਮੇਟੀ ਮੈਂਬਰ ਜਗਮੋਹਨ ਸਿੰਘ ਬਰਾੜ ਦੀ ਅਗਵਾਈ ਹੇਠ ਜ਼ਿਲ੍ਹਾ ਇਕਾਈ ਫਰੀਦਕੋਟ ਵੱਲੋਂ ਫ਼ਰੀਦਕੋਟ ਦੇ ਐੱਮ ਐੱਲ ਏ. ਗੁਰਦਿੱਤ ਸਿੰਘ ਸੇਖੋਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਜ਼ਿਲ੍ਹਾ ਪ੍ਰੈੱਸ ਸਕੱਤਰ ਜਗਜੀਵਨ ਸਿੰਘ ਹੈਡ ਮਾਸਟਰ ਨੇ ਦੱਸਿਆ ਕਿ ਪ੍ਰਤੀਨਿਧ ਮੰਡਲ ਨੇ ਐਮ ਐਲ ਏ ਦੇ ਧਿਆਨ ਵਿੱਚ ਲਿਆਂਦਾ ਕਿ 2019 ਵਿੱਚ ਪ੍ਰਕਾਸ਼ਿਤ ਇਸ਼ਤਿਹਾਰ ਤੋਂ ਪਹਿਲਾਂ ਬਹੁਤ ਸਾਰੇ ਅਧਿਆਪਕ ਪਹਿਲਾਂ ਹੀ ਸਾਲਾਂ ਬੱਧੀ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਸਨ।ਇਹਨਾਂ ਅਧਿਆਪਕਾਂ ਨੇ ਪੀ. ਪੀ. ਐੱਸ. ਸੀ. ਦਾ ਇਮਤਿਹਾਨ ਪਾਸ ਕਰਨ ਤੋਂ ਬਾਅਦ ਜਨਵਰੀ । 2020 ਵਿੱਚ ਹੈੱਡਮਾਸਟਰਾਂ ਵਜੋਂ ਜੁਆਇੰਨ ਕੀਤਾ ਅਤੇ ਦਿਨਾਂ ਵਿੱਚ ਹੀ ਸਖਤ ਮਿਹਨਤ ਕਰਕੇ ਆਪਣੇ ਆਪਣੇ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ । ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਇਸ ਦੇ ਬਾਵਜੂਦ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੇ ਉਹਨਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਜਿਵੇਂ ਕਿ ਹੁਣ ਤੱਕ ਬਣਦੇ ਬੈਕਲਾਗ ਕੋਟੇ ਦੀਆਂ ਤਰੱਕੀਆਂ ਕਰਨਾ, ਗਰੇਡ ਪੇਅ ਵਿੱਚ ਵਾਧਾ ਕਰਨਾ, ਉਚੇਰੀ ਜਿੰਮੇਵਾਰੀ ਦੀ ਤਰੱਕੀ ਦੇਣਾ ਅਤੇ ਪ੍ਰਿੰਸੀਪਲ ਦੀ ਪੋਸਟ ਲਈ ਪ੍ਰਮੋਸ਼ਨ ਕੋਟੇ ਵਿੱਚ 50% ਵਾਧਾ ਕਰਨ ਪ੍ਰਤੀ ਸੁਹਿਰਦਤਾ ਨਾਲ ਧਿਆਨ ਨਹੀਂ ਦਿੱਤਾ। ਜਥੇਬੰਦੀ ਵੱਲੋਂ ਪੇਸ਼ ਕੀਤੀਆਂ ਗਈਆਂ ਮੰਗਾਂ ਨੂੰ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਧਿਆਨ ਨਾਲ ਸੁਣਣ ਤੋਂ ਬਾਅਦ ਹੱਕੀ ਅਤੇ ਜਾਇਜ਼ ਮੰਗਾਂ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਪਹੁੰਚਦਾ ਕਰਨ ਅਤੇ ਜਲਦੀ ਹੀ ਜਥੇਬੰਦੀ ਨੂੰ ਪੈਨਲ ਮੀਟਿੰਗ ਦਵਾਉਣ ਦਾ ਭਰੋਸਾ ਦਿੱਤਾ। ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਜੇਕਰ ਸਾਡੀਆਂ ਜਾਇਜ਼ ਮੰਗਾਂ ਵੱਲ ਨਜ਼ਰਸਾਨੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈੱਡਮਾਸਟਰ ਤਰਸੇਮ ਲਾਲ ਮੋਂਗਾ, ਕਪਿਲ ਕੁਮਾਰ ਗੋਇਲ, ਰਵਿੰਦਰ ਸਿੰਘ, ਅਕਾਸ਼ਦੀਪ ਅਗਰਵਾਲ, ਸੰਜੀਵ ਕੁਮਾਰ, ਬਲਵਿੰਦਰ ਸਿੰਘ, ਨਵਦੀਪ ਸ਼ਰਮਾ, ਪੂਰਨ ਨਾਥ, ਰਮਿੰਦਰ ਕੌਰ, ਗੀਤਾ ਰਾਣੀ, ਮਧੂ ਗੋਇਲ, ਸ਼ਿਵਾਨੀ ਗੋਇਲ, ਰਵਿੰਦਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ ਅਤੇ ਵਿਕਾਸ ਪਾਲ ਆਦਿ ਹਾਜ਼ਰ ਸਨ।