ਸੰਗਰੂਰ 5 ਅਕਤੂਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਵੱਖ ਵੱਖ ਇਕਾਈਆਂ ਦੇ ਇੱਕ ਵਫ਼ਦ ਨੇ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹੜ੍ਹਾਂ ਦੀ ਮਾਰ ਵਿੱਚ ਆਏ ਕਿਰਤੀ, ਕਾਮਿਆਂ, ਛੋਟੇ ਕਿਸਾਨਾਂ ਅਤੇ ਦੁਕਾਨਦਾਰਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜਿੱਥੇ ਪੰਜਾਬ ਭਰ ਚੋਂ ਸਹਾਇਤਾ ਇਕੱਠੀ ਕਰਕੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਸਕੂਲੀ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆਂ ਜਾ ਰਿਹਾ ਹੈ ਉੱਥੇ ਪੰਜਾਬ ਸਰਕਾਰ ਨੂੰ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਦੀਆਂ ਫ਼ੀਸਾਂ ਨੂੰ ਮਾਫ ਕਰਨ ਦੇ ਮੰਗ ਪੱਤਰ ਪੂਰੇ ਪੰਜਾਬ ਵਿੱਚ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਇਸ ਮੰਗ ਨੂੰ ਬਹੁਤ ਹੀ ਵਾਜ਼ਿਬ ਅਤੇ ਜਾਇਜ਼ ਕਹਿੰਦਿਆਂ ਤਰਕਸ਼ੀਲ ਸੁਸਾਇਟੀ ਦੇ ਵਫਦ ਦੀ ਗੱਲ ਧਿਆਨ ਨਾਲ ਸੁਣੀ। ਚੇਤੇ ਰਹੇ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਪੂਰੇ ਪੰਜਾਬ ਵਿੱਚ ਪਿਛਲੇ ਚਾਰ ਦਹਾਕਿਆਂ ਤੋਂ ਲੋਕਾਂ ਨੂੰ ਅੰਧ ਵਿਸ਼ਵਾਸਾਂ, ਰੂੜ੍ਹੀਵਾਦੀ ਰਸਮਾਂ ਚੋਂ ਕੱਢ ਕੇ ਵਿਗਿਆਨਿਕ ਸੋਚ ਦੇ ਲੜ ਲਾਉਣ ਲਈ ਸੰਘਰਸ਼ਸ਼ੀਲ ਹੈ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ, ਤਰਕਸ਼ੀਲ ਮੈਗਜ਼ੀਨ ਦੇ ਸਾਬਕਾ ਸੰਪਾਦਕ ਬਲਬੀਰ ਲੌਂਗੋਵਾਲ,ਜ਼ੋਨ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ,ਜੋਨ ਆਗੂ ਗੁਰਦੀਪ ਸਿੰਘ,ਨਾਇਬ ਸਿੰਘ ਰਟੋਲਾਂ, ਇੰਜ ਦੇਵਿੰਦਰ ਸਿੰਘ ਸੁਨਾਮ, , ਸੁਰਿੰਦਰਪਾਲ ਉੱਪਲੀ, ਇੰਜ ਅਸ਼ਵਨੀ ਕੁਮਾਰ ਲਹਿਰਾ ਆਦਿ ਆਗੂ ਹਾਜ਼ਰ ਸਨ।