ਤੀਜੀ ਵਾਰ ਭਾਜਪਾ 400 ਪਾਰ, ਪੰਜਾਬ ਵਿੱਚ ਵੀ ਖਿੜੇਗਾ ਕਮਲ ਦਾ ਫੁੱਲ : ਨਾਰੰਗ
ਕੋਟਕਪੂਰਾ, 1 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਵਲੋਂ ਜਦੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਹੰਸਰਾਜ ਹੰਸ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਤਾਂ ਭਾਜਪਾ ਵਰਕਰਾਂ ’ਚ ਖੁਸ਼ੀ ਦੀ ਲਹਿਰ ਦੋੜ ਗਈ। ਇਸ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਦੇ ਜਿਲਾ ਮੀਤ ਪ੍ਰਧਾਨ ਰਾਜਨ ਨਾਰੰਗ ਨੇ ਆਖਿਆ ਕਿ ਸੰਸਦ ਮੈਂਬਰ ਅਤੇ ਸੂਫੀ ਗਾਇਕ ਹੰਸਰਾਜ ਹੰਸ ਫਰੀਦਕੋਟ ਲੋਕ ਸਭਾ ਤੋਂ ਭਾਰੀ ਬਹੁਮਤ ਨਾਲ ਜਿੱਤਣਗੇ ਅਤੇ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕ ਵੀ ਉਨਾਂ ਦੀ ਜਮਹੂਰੀ ਜਿੱਤ ਦਾ ਲਾਭ ਉਠਾਉਣਗੇ, ਕਿਉਂਕਿ ਇਹ ਤੈਅ ਹੈ ਕਿ ਕੇਂਦਰ ਵਿੱਚ ਤੀਜੀ ਵਾਰ ਐਨਡੀਏ ਦੀ ਸਰਕਾਰ ਬਣੇਗੀ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨਗੇ। ਉਨਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਫਰੀਦਕੋਟ ਜਿਲੇ ਦਾ ਹਰ ਭਾਜਪਾ ਵਰਕਰ ਹੰਸਰਾਜ ਹੰਸ ਨੂੰ ਜਿਤਾਉਣ ਲਈ ਆਪਣੇ ਖੇਤਰ ’ਚ ਪੁਰਜੋਰ ਯਤਨ ਕਰਨ। ਵਰਨਣਯੋਗ ਹੈ ਕਿ ਹੰਸ ਰਾਜ ਹੰਸ ਦਲਿਤ ਆਗੂ ਹਨ ਅਤੇ ਵਾਲਮੀਕਿ ਭਾਈਚਾਰੇ ਨਾਲ ਸਬੰਧਤ ਹਨ। ਉਨਾਂ ਦਾ ਘਰ ਜਲੰਧਰ ਵਿੱਚ ਹੈ। ਦਿੱਲੀ ਉੱਤਰ ਪਛਮੀ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਮੂਲ ਰੂਪ ’ਚ ਪਿੰਡ ਸਫੀਪੁਰ ਦੇ ਵਸਨੀਕ ਹਨ। ਉਨਾਂ ਦਾ ਜਨਮ 9 ਅਪ੍ਰੈਲ 1962 ਨੂੰ ਹੋਇਆ ਸੀ। ਹੰਸਰਾਜ ਹੰਸ ਆਪਣੇ ਸਮੇਂ ਪੰਜਾਬ ਦੇ ਸੂਫੀ ਗਾਇਕਾਂ ’ਚੋਂ ਪਹਿਲੇ ਨੰਬਰ ’ਤੇ ਸਨ। ਹੰਸ ਨੇ ਪਾਕਿਸਤਾਨ ਦੇ ਸਭ ਤੋਂ ਵੱਡੇ ਗਾਇਕ ਨੁਸਰਤ ਫਤਿਹ ਅਲੀ ਖਾਨ ਨਾਲ ਵੀ ਗਾਇਆ ਹੈ। ਤੁਹਾਨੂੰ ਦੱਸਦੇਈਏ ਕਿ ਹੰਸ ਰਾਜ ਦੇ ਦੋਵੇਂ ਬੇਟੇ ਪੰਜਾਬ ਦੇ ਮਸ਼ਹੂਰ ਗਾਇਕ ਹਨ। ਉਹ ਨਕੋਦਰ ’ਚ ਡੇਰਾ ਲਾਲ ਬਾਦਸ਼ਾਹ ਦੇ ਗੱਦੀਨਸ਼ੀਨ ਵੀ ਹਨ। ਉਨਾਂ ਦੇ ਪੈਰੋਕਾਰਾਂ ਦੀ ਗਿਣਤੀ ਲੱਖਾਂ ’ਚ ਹੈ। ਉਹ 10 ਦਸੰਬਰ 2016 ਨੂੰ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ। ਉਨਾਂ ਸਾਲ 2019 ਦੀਆਂ ਭਾਰਤੀ ਆਮ ਚੋਣਾਂ ’ਚ ਉੱਤਰ ਪੱਛਮੀ ਦਿੱਲੀ ਦੀ ਨੁਮਾਇੰਦਗੀ ਕਰਨ ਵਾਲੇ ਉਮੀਦਵਾਰ ਵਜੋਂ ਉਦਿਤ ਰਾਜ ਨੂੰ ਹਰਾਇਆ ਅਤੇ ਸੰਸਦ ਮੈਂਬਰ ਬਣ ਗਏ।