ਪ੍ਰੋ. ਮੋਹਨ ਸਿੰਘ ਜੀ ਦੀ ਗ਼ਜ਼ਲ ਦਾ ਇੱਕ ਸ਼ਿਅਰ ਹੈ
ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖ਼ੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਸ. ਅਮਰਜੀਤ ਸਿੰਧ ਸੰਧੂ ਦੇ ਵਿਛੋੜੇ ਤੇ ਕੁਝ ਇਸ ਤਰ੍ਹਾਂ ਹੀ ਮਹਿਸੂਸ ਹੋ ਰਿਹਾ ਹੈ। ਕਿਉਂਕਿ ਧਰਤੀ ਤੇ ਉਨ੍ਹਾਂ ਲੋਕਾਂ ਦਾ ਆਉਣਾ ਹੀ ਸਫ਼ਲ ਗਿਣਿਆ ਜਾਂਦਾ ਹੈ ਜੋ ਮਨ ਬਚਨ ਤੇ ਕਰਮ ਕਾਰਨ ਪ੍ਰਭੂ ਵੱਲੋਂ ਬਖ਼ਸ਼ੀ ਪੂੰਜੀ ਖ਼ਰਚ ਕੇ ਨਾਮਣਾ ਖੱਟਦੇ ਹਨ।
ਪਿਛਲੇ ਦਿਨੀਂ ਆਪਣੀ ਜੀਵਨ ਯਾਤਰਾ ਮੁਕਾ ਕੇ ਸਾਨੂੰ ਸਦੀਵੀ ਅਲਵਿਦਾ ਕਹਿ ਗਏ ਪੰਜਾਬ ਰੋਡਵੇਜ ਦੇ ਸਾਬਕਾ ਜਨਰਲ ਮੈਨੇਜਰ ਸ. ਅਮਰਜੀਤ ਸਿੰਘ ਸੰਧੂ ਦਾ ਜਨਮ ਸ. ਹਰਦਿਆਲ ਸਿੰਘ ਸੰਧੂ ਦੇ ਗ੍ਰਹਿ ਵਿਖੇ 1948 ਵਿੱਚ ਪਿੰਡ ਕੱਕੜ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਇਨ੍ਹਾਂ ਦਾ ਪਰਿਵਾਰ ਪਾਕਿਸਤਾਨ ਦੀ ਤਹਿਸੀਲ ਚੂਨ੍ਹੀਆਂ ਜ਼ਿਲ੍ਹਾ ਲਾਹੌਰ ਦੇ ਪਿੰਡ ਮਨਿਹਾਲਾ ਤੋਂ ਦੇਸ਼ ਵੰਡ ਉਪਰੰਤ ਏਧਰ ਆਇਆ ਸੀ। ਬਾਅਦ ਵਿੱਚ ਇਸ ਪਰਿਵਾਰ ਨੂੰ ਜ਼ਮੀਨ ਦੀ ਪੱਕੀ ਅਲਾਟਮੈਂਟ ਪਿੰਡ ਰੋੜਾਂਵਾਲੀ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਖੇ ਹੋ ਗਈ। ਸ. ਅਮਰਜੀਤ ਸਿੰਘ ਸੰਧੂ ਨੇ ਪੰਜਵੀਂ ਤੱਕ ਪੜ੍ਹਾਈ ਪਿੰਡ ਰੋੜਾਂਵਾਲੀ ਅਤੇ ਦਸਵੀਂ ਸਿੱਖਵਾਲਾ ਤੋਂ ਕੀਤੀ।ਉਚੇਰੀ ਸਿੱਖਿਆ ਲਈ ਆਪ ਮਹਿੰਦਰਾ ਕਾਲਜ ਪਟਿਆਲਾ ਪੜ੍ਹਨ ਚਲੇ ਗਏ ਜਿੱਥੋਂ ਆਪ ਨੇ ਗਰੈਜੂਏਸ਼ਨ ਕੀਤੀ ।
ਇਨ੍ਹਾਂ ਦੇ ਤਾਇਆ ਜੀ ਸ.ਗੁਰਦਿਆਲ ਸਿੰਘ ਰੋੜਾਂ ਵਾਲੀ ਅਕਾਲੀ ਸਿਆਸਤ ਦੇ ਥੰਮ੍ਹ ਗਿਣੇ ਜਾਂਦੇ ਸਨ। ਉਹ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਤੇ ਉੱਚ ਅਹੁਦੇਦਾਰ ਰਹੇ। ਪਰਿਵਾਰ ਦਾ ਮਾਹੌਲ ਸਿਆਸੀ ਤੇ ਪੰਥਕ ਹੋਣ ਕਾਰਨ ਸ. ਅਮਰਜੀਤ ਸਿੰਘ ਦੀ ਕਾਲਜ ਸਮੇਂ ਤੋਂ ਹੀ ਰਾਜਨੀਤੀ ਵਿੱਚ ਵੀ ਬਹੁਤ ਦਿਲਚਸਪੀ ਸੀ। ੳਹ ਆਪਣੇ ਜਵਾਨੀ ਕਾਲ ਵੇਲੇ ਰਾਜਨੀਤੀ ਵਿੱਚ ਬਹੁਤ ਸਰਗਰਮ ਰਹੇ।
ਪੜ੍ਹਾਈ ਮੁਕੰਮਲ ਕਰਨ ਤੋਂ ਬਾਦ ਸ. ਸੰਧੂ ਪੰਜਾਬ ਰੋਡਵੇਜ਼ ਵਿੱਚ ਚੀਫ ਇੰਸਪੈਕਟਰ ਦੇ ਅਹੁਦੇ ਤੇ ਤਾਇਨਾਤ ਹੋ ਗਏ। ਸ. ਅਮਰਜੀਤ ਸਿੰਘ ਸੰਧੂ ਦੀ ਸ਼ਾਦੀ ਸ਼੍ਰੀਮਤੀ ਜਤਿੰਦਰ ਕੌਰ ਸਪੁੱਤਰੀ ਸ. ਗੁਰਮੀਤ ਸਿੰਘ ਵਾਸੀ ਜੱਲੋਵਾਲ (ਜਲੰਧਰ) ਨਾਲ ਹੋ ਗਈ।
ਸ. ਅਮਰਜੀਤ ਸਿੰਘ ਸੰਧੂ ਬਹੁਤ ਜਲਦੀ ਤਰੱਕੀ ਕਰਕੇ ਪੰਜਾਬ ਰੋਡਵੇਜ਼ ਵਿੱਚ ਵੱਖ ਵੱਖ ਥਾਵਾਂ ਤੇ ਬਤੌਰ ਜਨਰਲ ਮੈਨੇਜਰ ਤਾਇਨਾਤ ਰਹੇ ਅਤੇ 2007 ਵਿੱਚ ਲੰਮੀ ਸੇਵਾ ਉਪਰੰਤ ਰਿਟਾਇਰ ਹੋ ਗਏ। ਆਪਣੀ ਸਾਦਗੀ, ਸੁਹਿਰਦਤਾ ਤੇ ਈਮਾਨਦਾਰੀ ਕਾਰਨ ਆਪ ਨੇ ਟਰਾਂਸਪੋਰਟ ਵਿਭਾਗ ਵਿੱਚ ਚੰਗਾ ਨਾਮਣਾ ਖੱਟਿਆ। ਸੇਵਾ ਮੁਕਤ ਹੋਣ ਤੋਂ ਸਤਾਰਾਂ ਸਾਲ ਬਾਦ ਵੀ ਪੂਰਾ ਪੰਜਾਬ ਉਨ੍ਹਾਂ ਦੀਆਂ ਸੇਵਾਵਾਂ ਨੂੰ ਚੰਗੇ ਪੱਖੋਂ ਚੇਤੇ ਕਰਦਾ ਹੈ।
ਸ. ਅਮਰਜੀਤ ਸਿੰਘ ਸੰਧੂ ਦੇ ਤਿੰਨ ਭਰਾ ਅਤੇ ਚਾਰ ਭੈਣਾਂ ਸਨ।ਸਾਰੇ ਭੈਣ ਭਰਾ ਹੀ ਆਪੋ ਆਪਣੇ ਰੁਜ਼ਗਾਰ ਤੇ ਕਾਰੋਬਾਰ ਕਾਰਨ ਸਮਰੱਥ ਤੇ ਪੰਜਾਬ ਦੇ ਸਿਰਕੱਢ ਪਰਿਵਾਰ ਹਨ।
ਸਰਦਾਰ ਅਮਰਜੀਤ ਸਿੰਘ ਦੇ ਛੋਟੇ ਸ. ਕੰਵਰਜੀਤ ਸਿੰਘ ਸੰਧੂ ਪੰਜਾਬ ਪੁਲੀਸ ਵਿੱਚੋਂ ਅੇਸ.ਐਸ.ਪੀ. ਵਜੋਂ ਰਿਟਾਇਰ ਹੋਏ ਹਨ ਅਤੇ ਉਨ੍ਹਾਂ ਦੇ ਸਭ ਤੋਂ ਛੋਟੇ ਵੀਰ ਸ. ਸ਼ਰਨਜੀਤ ਸਿੰਘ ‘ਸੋਥਾ’ ਹਰਿਆਣਾ ਸਟੇਟ ਅਕਾਲੀ ਦਲ (ਬਾਦਲ)ਦੇ ਪ੍ਰਧਾਨ ਹਨ। ਕਿਉਂਕਿ ਸ. ਅਮਰਜੀਤ ਸਿੰਘ ਪਰਿਵਾਰ ਦੀ ਪਿੰਡ ਸੋਥਾ (ਜ਼ਿਲ੍ਹਾ ਕੈਥਲ)ਹਰਿਆਣਾ ਵਿੱਚ ਕਾਫੀ ਜਮੀਨ ਜਾਇਦਾਦ ਹੈ ਜੋ ਇਨ੍ਹਾਂ ਦੇ ਪਿਤਾ ਜੀ ਨੇ 1961 ਵਿੱਚ ਖਰੀਦੀ ਸੀ।
ਸ. ਅਮਰਜੀਤ ਸਿੰਘ ਦੇ ਘਰ ਪੈਦਾ ਹੋਏ ਦੋ ਹੋਣਹਾਰ ਬੱਚੇ ਬੇਟੀ ਬੀਬਾ ਅਮਨਜੋਤ ਕੌਰ ਅਤੇ ਬੇਟਾ ਸੰਗਰਾਮ ਸਿੰਘ ਸੰਧੂ ਹਨ।
ਅਮਨਜੋਤ ਕੌਰ ਦੀ ਸ਼ਾਦੀ ਪੰਜਾਬ ਦੇ ਸਿਰਕੱਢ ਘਰਾਣੇ ਸ, ਚਰਨਜੀਤ ਸਿੰਘ ਗਰੇਵਾਲ ਦੇ ਬੇਟੇ ਅਤੇ ਸ. ਮਨਪ੍ਰੀਤ ਸਿੰਘ ਇਆਲੀ ਐੱਮ ਐਲ.ਏ. ਦੇ ਛੋਟੇ ਵੀਰ ਸ. ਹਰਬੀਰ ਸਿੰਘ ਇਆਲੀ (ਸਾਬਕਾ ਚੇਅਰਮੈਨ, ਬਲਾਕ ਸੰਮਤੀ ਸਿੱਧਵਾਂ ਬੇਟ)ਨਾਲ ਹੋਈ ਹੈ ਅਤੇ ਇਨ੍ਹਾਂ ਦਾ ਇਕਲੌਤਾ ਸਪੁੱਤਰ ਸ. ਸੰਗਰਾਮ ਸਿੰਘ ਸੰਧੂ ਬਰਿਸਬੇਨ(ਐਸਟਰੇਲੀਆ) ਵਿੱਚ ਬਹੁਤ ਵੱਡੇ ਬਿਜ਼ਨਸਮੈਨ ਹਨ। ਜਿਨ੍ਹਾਂ ਦੀ ਸ਼ਾਦੀ ਬੀਬਾ ਅਮਰਿੰਦਰ ਕੌਰ )ਸਪੁੱਤਰੀ ਸ. ਬਲਦੇਵ ਸਿੰਘ ਗਰੇਵਾਲ)ਨਾਲ ਹੋਈ ਹੈ ਜੋ ਕਿ ਇਕ ਨਾਮੀ ਆਈ.ਟੀ. ਕੰਪਨੀ ਵਿੱਚ ਉੱਚੇ ਅਹੁਦੇ ਤੇ ਤਾਇਨਾਤ ਹਨ)
ਸ. ਅਮਰਜੀਤ ਸਿੰਘ ਸੰਧੂ ਦੇ ਵਿਛੋੜੇ ਨਾਲ ਸਿਰਫ਼ ਪਰਿਵਾਰ ਨੂੰ ਹੀ ਨਹੀਂ ਸਗੋਂ ਨੇੜਲੇ ਸਨੇਹੀ ਪਰਿਵਾਰਾਂ ਤੇ ਸੰਸਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।
ਉਨ੍ਹਾਂ ਦੇ ਜਾਣ ਤੇ ਡਾ. ਜਗਤਾਰ ਦੇ ਲਿਖੇ ਬੋਲ ਯਾਦ ਆ ਰਹੇ ਹਨਃ
ਕਾਫ਼ਲੇ ਵਿੱਚ ਤੂੰ ਨਹੀਂ ਭਾਵੇਂ ਰਿਹਾ,
ਯਾਦ ਤੇਰੀ ਦਿਲ ‘ਚੋਂ ਪਰ ਜਾਣੀ ਨਹੀਂ।
ਸ. ਅਮਰਜੀਤ ਸਿੰਘ ਸੰਧੂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 10 ਸਤੰਬਰ ਮੰਗਲਵਾਰ ਦੁਪਹਿਰ 12ਵਜੇ ਤੋਂ 2ਵਜੇ ਦੌਰਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ, ਲੁਧਿਆਣਾ ਵਿਖੇ ਹੋਵੇਗੀ।

ਗੁਰਭਜਨ ਸਿੰਘ ਗਿੱਲ(ਪ੍ਰੋ)