ਕੋਟਕਪੂਰਾ, 27 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹੀਦ ਮੇਜਰ ਸਿੰਘ ਫੋਜ਼ੀ ਦੀ ਸ਼ਹੀਦੀ ਮੌਕੇ ਉਸ ਦੇ ਪੁੱਤਰ ਰੁਪਿੰਦਰ ਸਿੰਘ ਧਾਲੀਵਾਲ ਵਾਸੀ ਪਿੰਡ ਸੇਢਾ ਸਿੰਘ ਵਾਲਾ ਦੀ ਉਮਰ ਮਹਿਜ਼ 3 ਮਹੀਨੇ ਸੀ, ਮਾ. ਰੁਪਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੇਰੀ ਮਾਤਾ ਦਾ 60 ਸਾਲਾਂ ਬਾਅਦ ਇਕ ਸੁਪਨਾ ਪੂਰਾ ਹੋਇਆ, ਜੋ ਹੁਣ ਪੰਜਾਬ ਸਰਕਾਰ ਵੱਲੋਂ 1965 ਦੀ ਜੰਗ ਵਿੱਚ ਸ਼ਹੀਦ ਹੋਏ ਫੋਜੀਆਂ ਦਾ ਨਾਮ ਉਹਨਾਂ ਦੇ ਪਿੰਡਾਂ ਦੇ ਸਕੂਲਾਂ ਵਿੱਚ ਰੱਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਅੱਜ ਮੇਰੀ ਮਾਤਾ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਨਾਮ ਬਦਲ ਕੇ ਮੇਰੇ ਪਿਤਾ ਸ਼ਹੀਦ ਮੇਜਰ ਸਿੰਘ ਫੋਜ਼ੀ ਦੇ ਨਾਂਅ ’ਤੇ ਰੱਖਿਆ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਸਾਡੇ ਵੱਡ-ਵਡੇਰਿਆਂ ਵਿੱਚੋਂ ਸ੍ਰ. ਸੇਢਾ ਸਿੰਘ ਵੀ ਉਸ ਵੇਲੇ ਫੋਜ਼ ਦੇ ਵੱਡੇ ਰੈਂਕ ’ਤੇ ਸਨ ਅਤੇ ਪਿੰਡ ਦਾ ਨਾਮ ਤਾਂ ਹੀ ਸੇਢਾ ਸਿੰਘ ਵਾਲਾ ਰੱਖਿਆ ਗਿਆ ਸੀ ਅਤੇ ਮਾ. ਰੁਪਿੰਦਰ ਸਿੰਘ ਅਤੇ ਉਹਨਾਂ ਧਰਮਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਸੱਸ ਅਤੇ ਸਹੁਰੇ ਦੀਆਂ ਪੁਰਾਣੀਆਂ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਹਨ, ਜਿਵੇਂ ਕਿ ਸੰਦੂਕ, ਚਰਖਾ, ਪਲੰਘ, ਮੇਜ਼-ਕੁਰਸੀਆਂ ਫੁੱਲਾਂ ਵਾਲੀਆਂ ਕੱਢੀਆਂ ਗੱਦੀਆਂ ਅੱਜ ਵੀ ਮੌਜੂਦ ਹਨ। ਬਲਜੀਤ ਕੌਰ ਨੇ ਦੱਸਿਆ ਕਿ ਮੇਰਾ ਆਪਣੀ ਸੱਸ ਰਾਜਿੰਦਰ ਕੌਰ ਨਾਲ ਬਹੁਤ ਪਿਆਰ ਸੀ, ਅਸੀਂ ਸੱਸ-ਨੂੰਹ ਵਾਲਾ ਰਿਸ਼ਤਾ ਕਦੇ ਨੀ ਰੱਖਿਆ, ਹਮੇਸ਼ਾਂ ਮਾਂ-ਧੀ ਵਾਲਾ ਪਿਆਰ ਹੁੰਦਾ ਸੀ, ਹਰ ਗੱਲ ਮੇਰੇ ਨਾਲ ਸਾਂਝੀ ਕਰਦੀ ਸੀ, ਉਹਨਾਂ ਆਖਿਆ ਕਿ ਅਸੀਂ ਆਪਣੇ ਪੁੱਤਰ ਬੱਲਪ੍ਰੀਤ ਸਿੰਘ ਅਤੇ ਨੂੰਹ ਸਮੇਤ ਪੋਤਰੇ ਨੂੰ ਵੀ ਇਹੀ ਸਿੱਖਿਆ ਦਿੱਤੀ ਹੈ ਕਿ ਵੱਡ ਵਡੇਰਿਆਂ ਦੀਆਂ ਨਿਸ਼ਾਨੀਆਂ ਹਮੇਸ਼ਾਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਹਨ।