ਫਰੀਦਕੋਟ , 26 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਜਿਲਾ ਪੁਲਿਸ ਮੁਖੀ ਫਰੀਦਕੋਟ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ 4 ਕਿੱਲੋ 74 ਗ੍ਰਾਮ ਅਫੀਮ ਬਰਾਮਦ ਕਰਕੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਤਿੰਦਰ ਸਿੰਘ ਚੋਪੜਾ ਡੀਐਸਪੀ ਕੋਟਕਪੂਰਾ ਨੇ ਪੈ੍ਰਸ ਕਾਨਫਰੰਸ ਦੌਰਾਨ ਦੱਸਿਆ ਕਿ ਸੀਆਈਏ ਸਟਾਫ ਫਰੀਦਕੋਟ ਦੇ ਇੰਚਾਰਜ ਇੰਸ. ਗੁਰਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਕੋਟਕਪੂਰਾ ਤੋਂ ਪੰਜਗਰਾਈਂ ਕਲਾਂ ਨੂੰ ਜਾਣ ਵਾਲੀ ਸੜਕ ’ਤੇ ਸ਼ੱਕੀ ਹਾਲਤ ਵਿੱਚ ਖੜਾ ਘੋੜਾ ਟਰਾਲਾ ਅਤੇ ਵਰਨਾ ਕਾਰ ਨੂੰ ਤੱਕਿਆ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਦੀ ਕੌਸ਼ਿਸ਼ ਕਰਨ ਲੱਗੇ ਤਾਂ ਸ਼ੱਕ ਦੀ ਬਿਨਾਅ ’ਤੇ ਕਾਬੂ ਕਰਕੇ ਤਲਾਸ਼ੀ ਦੌਰਾਨ ਘੋੜਾ ਟਰਾਲਾ ਵਿੱਚੋਂ 4 ਕਿੱਲੋ 74 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਵਲੋਂ ਘੋੜਾ ਟਰਾਲਾ ਅਤੇ ਵਰਨਾ ਕਾਰ ਸਮੇਤ ਪ੍ਰਗਟ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਢੀਮਾਂਵਾਲੀ ਅਤੇ ਕਮਲਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਅਰਾਈਆਂਵਾਲਾ ਕਲਾਂ ਨੂੰ ਕਾਬੂ ਕਰਕੇ ਉਕਤਾਨ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਕਤਾਨ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਹੋਰ ਵੱਡੇ ਨਸ਼ਾ ਤਸਕਰ ਦਾ ਸੁਰਾਗ ਲਾਇਆ ਜਾ ਸਕੇ।

