ਆਓ ਮਿਲਜੁਲ ਰੁੱਖ ਲਗਾਈਏ
ਪ੍ਰਦੂਸ਼ਣ ਦਾ ਦੈਂਤ ਭਜਾਈਏ।
ਵਾਤਾਵਰਣ ਦੀ ਕਰਨ ਹਿਫ਼ਾਜ਼ਤ
ਧਰਤ ਸੁਹਾਵੀ ਨੂੰ ਅਪਣਾਈਏ।
ਕਦੇ ਨਾ ਰੁੱਖ ਤੇ ਫੇਰੀਏ ਆਰੀ
ਲਾਈਏ ਇਨ੍ਹਾਂ ਦੇ ਸੰਗ ਯਾਰੀ।
ਗਰਮੀ ਸਹਿੰਦੇ, ਛਾਂ ਦਿੰਦੇ ਨੇ
ਰਲ਼ ਇਨ੍ਹਾਂ ਦੀ ਖ਼ੈਰ ਮਨਾਈਏ।
ਰੁੱਖ ਨੇ ਸਾਡੇ ਭੈਣ-ਭਰਾ
ਰੱਖਣ ਚੁਗਿਰਦਾ ਹਰਾ-ਭਰਾ।
ਹੜ੍ਹ-ਸੋਕੇ ਤੋਂ ਦੇਵਣ ਰਾਹਤ
ਰੁੱਖਾਂ ਦੀ ਜੈਕਾਰ ਬੁਲਾਈਏ।
ਸੌ ਏਸੀ ਦਾ ਕੰਮ ਹੈ ਕਰਦਾ
ਬੋਹੜ ਦਾ ਇੱਕ ਰੁੱਖ ਜੇ ਲੱਗਦਾ।
ਰੁੱਖ ਨੇ ਸਾਰੇ ਹੀ ਗੁਣਕਾਰੀ
ਨਿੰਮ ਤੇ ਟਾਹਲੀ ਘਰ-ਘਰ ਲਾਈਏ।
ਰੁੱਖਾਂ ਨਾਲ ਹੈ ਧਰਤੀ ਸੋਂਹਦੀ
ਜੰਗਲ-ਬੇਲਿਆਂ ਨਾਲ ਹੈ ਮੋਂਹਦੀ।
ਖ਼ੁਸ਼ਹਾਲੀ ਦਾ ਰੰਗ ਹਰਾ ਹੈ
ਸਾਵੀ ਧਰਤੀ ਨੂੰ ਮਹਿਕਾਈਏ।
ਰੁੱਖ ਨੇ ਜੀਵਨ, ਰੁੱਖ ਨੇ ਸੁੱਖ
ਇਨ੍ਹਾਂ ਤੋਂ ਮਿਟਦੇ ਸਭ ਦੁੱਖ।
ਪੀਂਘ ਝੂਟੀਏ ਰੁੱਖਾਂ ਉੱਤੇ
ਵਿਰਸਾ ਆਪਣਾ ਮੋੜ ਲਿਆਈਏ।
ਅੱਜ ਤੋਂ ਸਾਰੇ ਕਰੀਏ ਪ੍ਰਣ
ਫੁੱਲਣ-ਫੈਲਣ ਸਾਡੇ ਵਣ।
ਪੰਛੀਆਂ ਨੂੰ ਇਹ ਦੇਣ ਆਸਰਾ
ਵਾਤਾਵਰਣ ਦਾ ਦਿਵਸ ਮਨਾਈਏ।
ਰੁੱਖ ਨੇ ਪੌਣ, ਪਾਣੀ, ਆਹਾਰ
ਸਾਡੇ ਜੀਵਨ ਦਾ ਆਧਾਰ।
ਸ਼ੁੱਧ ਕੁਦਰਤੀ ਹਵਾ ਦੇ ਸੋਮੇ
ਇਨ੍ਹਾਂ ਨੂੰ ਨਾ ਜੜ੍ਹੋਂ ਮਿਟਾਈਏ।
ਰੁੱਖ ਜਾਪਣ ਦਰਵੇਸ਼ਾਂ ਵਰਗੇ
ਧੁੱਪ, ਮੀਂਹ, ‘ਨ੍ਹੇਰੀ ਤਨ ਤੇ ਜਰਦੇ।
ਖੇੜਾ, ਖ਼ੁਸ਼ਬੂ, ਖ਼ੁਸ਼ੀ ਵਾਸਤੇ
ਗੀਤ ਰੁੱਖਾਂ ਦੇ ਮਿਲ ਕੇ ਗਾਈਏ।
ਜੀਵੇ ਧਰਤੀ, ਖ਼ਲਕਤ ਸਾਰੀ
ਬੱਚੇ, ਬੁੱਢੇ ਤੇ ਨਰ-ਨਾਰੀ।
ਰੁੱਖ-ਮਨੁੱਖ ਦੀ ਸਾਂਝ ਪੁਰਾਣੀ
ਸਾਂਝ ਇਹ ਪੀਡੀ ਹੋਰ ਬਣਾਈਏ।
ਰੁੱਖਾਂ ਵਿਚ ਕਵਿਤਾ ਦਾ ਵਾਸਾ
ਜਿਉਂ ‘ਰੂਹੀ’ ਦੇ ਹੋਠੀਂ ਹਾਸਾ।
ਪ੍ਰਕਿਰਤੀ ਦੀ ਗੋਦ ‘ਚ ਬਹਿ ਕੇ
ਆਪਾਂ ਵੀ ਕਵਿਤਾ ਹੋ ਜਾਈਏ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.