ਲੋਕ ਪੱਖੀ ਸਮਾਜਿਕ ਤਬਦੀਲੀ ਲਈ ਤਰਕਸ਼ੀਲ਼ ਸੋਚ ਜ਼ਰੂਰੀ – ਤਰਕਸ਼ੀਲ਼ ਸੁਸਾਇਟੀ
8 ਇਕਾਈਆਂ ਅਧਾਰਤ ਜੋਨ ਸੰਗਰੂਰ- ਬਰਨਾਲਾ ਵਿੱਚ ਕੁੱਲ 5244 ਵਿਦਿਆਰਥੀ ਰਜਿਸਟਰਡ ਹੋਏ – ਮਾਸਟਰ ਪਰਮ ਵੇਦ

ਸੰਗਰੂਰ 6 ਅਕਤੂਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਵਿਦਿਆਰਥੀਆਂ ਵਿੱਚ ਵਿਗਿਆਨਕ ਚੇਤਨਾ ਵਿਕਸਤ ਕਰਨ ਅਤੇ ਉਨ੍ਹਾਂ ਨੂੰ ਵਹਿਮਾਂ ਭਰਮਾਂ,ਅੰਧ ਵਿਸ਼ਵਾਸਾਂ ਅਤੇ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਦੇ ਮਕਸਦ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਪੰਜਾਬ ਦੇ ਸੈਂਕੜੇ ਸਕੂਲਾਂ ਵਿੱਚ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 5 ਤੇ 6ਅਕਤੂਬਰ ਨੂੰ ਕਰਵਾਈ ਗਈ ਜਿਸ ਵਿੱਚ 8 ਇਕਾਈਆਂ ਤੇ ਅਧਾਰਤ ਜੋਨ ਸੰਗਰੂਰ -ਬਰਨਾਲਾ ਦੇ 80 ਪ੍ਰੀਖਿਆ ਕੇਂਦਰਾਂ ਵਿੱਚ ਮਿਡਲ ਪੱਧਰ ਦੇ 2660 ਤੇ ਸੈਕੰਡਰੀ ਪੱਧਰ ਦੇ 2584 ਕੁਲ 5244 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਕਸ਼ੀਲ਼ ਸੁਸਾਇਟੀ ਪੰਜਾਬ ਦੇ ਜੋਨ ਆਗੂਆਂ ਮਾਸਟਰ ਪਰਮ ਵੇਦ, ਸੀਤਾ ਰਾਮ, ਗੁਰਦੀਪ ਸਿੰਘ ਲਹਿਰਾ,ਸੋਹਣ ਸਿੰਘ ਨੇ ਦੱਸਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਲਈ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਮਿਡਲ ਅਤੇ ਸੈਕੰਡਰੀ ਗਰੁੱਪਾਂ ਲਈ ਦੋ ਵੱਖ ਵੱਖ ਪੁਸਤਕਾਂ ਤਿਆਰ ਕਰਕੇ ਵਿਦਿਆਰਥੀਆਂ ਨੂੰ ਤਿੰਨ ਮਹੀਨੇ ਪਹਿਲਾਂ ਮੁੱਹਈਆ ਕਰਵਾ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਨਤੀਜਾ ਬਹੁਤ ਛੇਤੀ ਐਲਾਨਿਆ ਜਾਵੇਗਾ ਅਤੇ ਸੂਬੇ,ਜੋਨ ਅਤੇ ਇਕਾਈ ਪੱਧਰ ‘ਤੇ ਮੈਰਿਟ ਵਿਚ ਆਉਣ ਵਾਲੇ ਮਿਡਲ ਅਤੇ ਸੈਕੰਡਰੀ ਗਰੁੱਪ ਦੇ ਵੱਖ ਵੱਖ ਵਿਦਿਆਰਥੀਆਂ ਨੂੰ ਨਕਦ ਇਨਾਮ, ਤਰਕਸ਼ੀਲ਼ ਕਿਤਾਬਾਂ,ਯਾਦਗਾਰੀ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਤਰਕਸ਼ੀਲ਼ ਆਗੂਆਂ ਨੇ ਦੱਸਿਆ ਕਿ ਇਸ ਪ੍ਰੀਖਿਆ ਨੂੰ ਸਮੁੱਚੇ ਪੰਜਾਬ ਵਿੱਚ ਪੂਰੇ ਪਾਰਦਰਸ਼ੀ ਅਤੇ ਸੂਚਾਰੂ ਢੰਗ ਨਾਲ ਕਰਵਾਉਣ ਲਈ ਜੋਨਾਂ ਅਤੇ ਇਕਾਈਆਂ ਦੇ ਸੈਂਕੜੇ ਤਰਕਸ਼ੀਲ ਆਗੂਆਂ, ਮੈਂਬਰਾਂ ਅਤੇ ਸਹਿਯੋਗੀ ਸਾਥੀਆਂ ਵੱਲੋਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ।
ਇਸ ਪ੍ਰੀਖਿਆ ਸੰਬੰਧੀ ਵੱਖ ਵੱਖ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਅਤੇ ਪ੍ਰਬੰਧਕਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੌਜੂਦਾ ਵਿਗਿਆਨ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ, ਧਾਗੇ ਤਵੀਤਾਂ,ਜਨਮ ਟੇਵਿਆਂ, ਨਸ਼ਿਆਂ, ਫਿਰਕਾਪ੍ਰਸਤੀ,ਪਾਖੰਡੀ ਬਾਬਿਆਂ, ਸਾਧਾਂ, ਜੋਤਸ਼ੀਆਂ, ਡੇਰਿਆਂ ਦੇ ਝਾਂਸਿਆਂ ਤੋਂ ਬਚਣ ਅਤੇ ਜਿੰਦਗੀ ਦੀਆਂ ਸਮੱਸਿਆਵਾਂ ਦੇ ਟਾਕਰੇ ਲਈ ਵਿਗਿਆਨਕ ਦ੍ਰਿਸ਼ਟੀਕੋਣ ਅਪਨਾਉਣ ਲਈ ਵਿਦਿਅਕ ਅਦਾਰਿਆਂ ਵਿੱਚ ਸਮੇਂ ਸਮੇਂ ਉਤੇ ਅਜਿਹੀਆਂ ਵਿਗਿਆਨਕ ਚੇਤਨਾ ਪ੍ਰੀਖਿਆਵਾਂ ਬੇਹੱਦ ਜ਼ਰੂਰੀ ਹਨ ਅਤੇ ਤਰਕਸ਼ੀਲ਼ ਸੁਸਾਇਟੀ ਵੱਲੋਂ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਇਸ ਖੇਤਰ ਵਿਚ ਨਿਭਾਈ ਜਾ ਰਹੀ ਭੂਮਿਕਾ ਬੇਹੱਦ ਸ਼ਲਾਘਾਯੋਗ ਹੈ ਅਤੇ ਮੌਜੂਦਾ ਸਮਿਆਂ ਦੀ ਲੋੜ ਵੀ ਹੈ।
ਸੰਗਰੂਰ ਇਕਾਈ ਸੰਬੰਧੀ ਜਾਣਕਾਰੀ ਦਿੰਦਿਆਂ ਇਕਾਈ ਮੁਖੀ ਸੁਰਿੰਦਰ ਪਾਲ, ਤਰਕਸ਼ੀਲ ਆਗੂ ਕ੍ਰਿਸ਼ਨ ਸਿੰਘ, ਪ੍ਰਗਟ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ,ਇਕਬਾਲ ਕੌਰ ਨੇ ਦੱਸਿਆ 13 ਪ੍ਰੀਖਿਆ ਕੇਂਦਰਾਂ ਵਿੱਚ ਮਿਡਲ ਪੱਧਰ ਦੇ 534 ਤੇ ਸੈਕੰਡਰੀ ਪੱਧਰ ਦੇ 484 ਕੁਲ1021 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ।
ਤਰਕਸ਼ੀਲ਼ ਸੁਸਾਇਟੀ ਨੇ ਸੰਬੰਧਿਤ ਸਕੂਲਾਂ ਦੇ ਮੁਖੀਆਂ, ਅਧਿਆਪਕਾਂ,ਪ੍ਰਬੰਧਕਾਂ ਵੱਲੋਂ ਦਿੱਤੇ ਪੂਰਨ ਸਹਿਯੋਗ ਅਤੇ ਵਿਦਿਆਰਥੀਆਂ ਵਲੋਂ ਦਿੱਤੇ ਵੱਡੇ ਹੁੰਗਾਰੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।