ਜਲੰਧਰ ਦੀ ਟੀਮ ਦੂਸਰੇ, ਲੁਧਿਆਣਾ ਤੀਸਰੇ ਅਤੇ ਬਠਿੰਡਾ ਦੀ ਟੀਮ ਚੌਥੇ ਸਥਾਨ ਤੇ ਰਹੀ
ਖਿਡਾਰੀ ਨਸ਼ਿਆਂ ਤੋਂ ਦੂਰ ਰਹਿ ਕੇ,ਮਾਤਾ-ਪਿਤਾ, ਅਧਿਆਪਕਾਂ ਦਾ ਸਤਿਕਾਰ ਕਰਦੇ ਪੜ੍ਹਾਈ ’ਚ ਵੀ ਸਖ਼ਤ ਮਿਹਨਤ ਕਰਨ: ਨੀਲਮ ਰਾਣੀ
ਫ਼ਰੀਦਕੋਟ, 3 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
69ਵੀਆਂ ਅੰਤਰ ਜ਼ਿਲਾ ਸਕੂਲ ਖੇਡਾਂ ਤਹਿਤ ਅੱਜ ਸਿੱਖਿਆ ਵਿਭਾਗ ਫ਼ਰੀਦਕੋਟ ਵੱਲੋਂ ਅੰਡਰ-14 ਕਿ੍ਰਕੇਟ ਟੂਰਨਾਮੈਂਟ ਦਾ ਫ਼ਾਈਨਲ ਮੁਕਾਬਲਾ ਅੱਜ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਜ਼ਿਲਾ ਟੂਰਨਾਮੈਂਟ ਕਮੇਟੀ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ ਪਹੁੰਚੇ। ਉਨ੍ਹਾਂ ਸਮੂਹ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਖਿਡਾਰੀ ਨਸ਼ੇ ਤੋਂ ਦੂਰ ਰਹਿ ਕੇ, ਮਾਤਾ-ਪਿਤਾ,ਅਧਿਆਪਕਾਂ ਦਾ ਸਤਿਕਾਰ ਕਰਦੇ ਹੋਏ ਪੜਾਈ ’ਚ ਵੀ ਸਖ਼ਤ ਮਿਹਨਤ ਕਰਨ। ਇਸ ਮੌਕੇ ਖੇਡ ਸਮਾਗਮ ਦੀ ਪ੍ਰਧਾਨਗੀ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਪਿ੍ਰੰਸੀਪਲ ਅਪੂਰਵ ਦੇਵਗਣ ਨੇ ਕੀਤੀ। ਉਨ੍ਹਾਂ ਕਿਹਾ ਅਜੋਕੇ ਦੌਰ ’ਚ ਕਾਮਯਾਬੀ ਵਾਸਤੇ ਖੇਡਾਂ, ਪੜਾਈ, ਮੁਕਾਬਲੇਬਾਜ਼ੀ ਦੀਆਂ ਪ੍ਰੀਖਿਆਵਾਂ ’ਚ ਸਾਨੂੰ ਸਮੇਂ ਦੀ ਵੰਡ ਕਰਕੇ ਕਰੜੀ ਮਿਹਨਤ ਕਰਨੀ ਚਾਹੀਦੀ ਹੈ। ਸਮਾਗਮ ’ਚ ਵਿਸ਼ੇਸ਼ ਮਹਿਮਾਨਾਂ ਵਜੋਂ ਸੇਵਾ ਮੁਕਤ ਅਧਿਆਪਕ ਜਸਬੀਰ ਸਿੰਘ ਸੰਧੂ, ਸੇਵਾ ਮੁਕਤ ਅਧਿਆਪਕ ਸ਼ਾਮ ਸੁੰਦਰ ਰੀਹਾਨ ਸ਼ਾਮਲ ਹੋਏ। ਇਸ ਮੌਕੇ ਆਬਜ਼ਵਰ ਲੈਕਚਰਾਰ ਪ੍ਰਦੀਪ ਤੇਜੀ ਹੁਸ਼ਿਆਰਪੁਰ, ਸਿਲੈਕਟਰ ਅਸ਼ੀਸ਼ ਕੁਮਾਰ ਡੀ.ਪੀ.ਈ.ਲੁਧਿਆਣਾ, ਪਲਵਿੰਦਰ ਸਿੰਘ ਡੀ.ਪੀ.ਈ.ਸ਼੍ਰੀ ਮੁਕਤਸਰ ਸਾਹਿਬ, ਮੁਹੰਮਦ ਬਿਲਾਲ ਡੀ.ਪੀ.ਈ.ਮਾਲੇਰਕੋਟਲਾ ਵੀ ਉਚੇਚੇ ਤੌਰ ਤੇ ਹਾਜ਼ਰ ਸਨ।
ਅੱਜ ਟੂਰਨਾਮੈਂਟ ਪੰਜਵੇਂ ਦਿਨ ਪਹੁੰਚੇ ਮਹਿਮਾਨਾਂ, ਖਿਡਾਰੀਆਂ, ਡਿਊਟੀ ਤੇ ਸਟਾਫ਼ ਨੂੰ ਜੀ ਆਇਆਂ ਨੂੰ ਜ਼ਿਲਾ ਖੇਡ ਕੋਆਰੀਨੇਟਰ ਕੇਵਲ ਕੌਰ ਨੇ ਆਖਿਆ। ਉਨ੍ਹਾਂ ਪੰਜ ਰੋਜ਼ਾ ਟੂਰਨਾਮੈਂਟ ਦੌਰਾਨ ਕੀਤੇ ਪ੍ਰਬੰਧਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਨਵਪ੍ਰੀਤ ਸਿੰਘ ਉਨ੍ਹਾਂ ਸਕੂਲ ਦੇ ਡਾਇਰੈਕਟਰ ਜਨਰਲ ਜਸਬੀਰ ਸਿੰਘ ਸੰਧੂ, ਖਜ਼ਾਨਚੀ ਸਵਰਨਜੀਤ ਸਿੰਘ ਗਿੱਲ, ਪਿ੍ਰੰਸੀਪਲ ਅਪੂਰਵ ਦੇਵਗਣ, ਵਾਈਸ ਪਿ੍ਰੰਸੀਪਲ ਰਾਕੇਸ਼ ਧਵਨ ਤੇ ਸਮੁੱਚੀ ਟੀਮ ਅਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸੀ ਰਿਸ਼ੀ ਦੇਸ ਰਾਜ ਸ਼ਰਮਾ ਨੇ ਬਾਖੂਬੀ ਨਿਭਾਈ।
ਅੱਜ ਕਿ੍ਕੇਟ ਅੰਡਰ-14 ਲੜਕਿਆਂ ਦਾ ਫ਼ਾਈਨਲ ਮੁਕਾਬਲਾ ਪਟਿਆਲਾ ਅਤੇ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਪਟਿਆਲਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਜਲੰਧਰ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 15 ਓਵਰਾਂ ’ਚ 58 ਦੌੜਾਂ ਹੀ ਬਣਾ ਸਕੀ। ਜਲੰਧਰ ਦੇ ਬੱਲੇਬਾਜ਼ ਯੁਵਰਾਜ ਸਿੰਘ ਨੇ 20 ਦੌੜਾਂ ਬਣਾਈਆਂ। ਜਲੰਧਰ ਦੇ ਟੀਚੇ ਦਾ ਪਿੱਛਾ ਕਰਦਿਆਂ ਪਟਿਆਲਾ ਦੀ ਟੀਮ ਨੇ ਬਿਨ੍ਹਾਂ ਕਿਸੇ ਵਿਕਟ ਦੇ ਨੁਕਸਾਨ ਦੇ 6.5 ਓਵਰਾਂ ’ਚ 59 ਦੌੜਾਂ ਬਣਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਪਟਿਆਲਾ ਦੀ ਜਿੱਤ ’ਚ ਪਹਿਲਾਂ ਗੇਂਦਬਾਜ਼ ਸਮਰੱਥ ਸਿੰਘ ਨੇ 3 ਵਿਕਟਾਂ, ਐਸ਼ਮੀਤ ਸਿੰਘ-ਦਿਵਾਂਸ਼ ਨੇ 2-2 ਵਿਕਟਾਂ ਲੈ ਕੇ ਯੋਗਦਾਨ ਪਾਇਆ, ਫ਼ਿਰ ਬੱਲੇਬਾਜ਼ ਕੰਵਰ ਪ੍ਰਤਾਪ ਸਿੰਘ ਨੇ ਨਾਟ ਆਊਟ 32 ਦੌੜਾਂ ਅਤੇ ਤਨਵੀਰ ਸਿੰਘ ਨੇ 24 ਦੌੜਾਂ ਤੇ ਨਾਟ ਆਊਟ ਰਹਿੰਦਿਆਂ ਵੱਡਾ ਯੋਗਦਾਨ ਪਾਇਆ। ਇਸ ਤਰ੍ਹਾਂ ਪਟਿਆਲਾ ਦੀ ਟੀਮ 10 ਵਿਕਟਾਂ ਨਾਲ ਜੇਤੂ ਰਹੀ। ਇਸ ਤੋਂ ਪਹਿਲਾਂ ਲੁਧਿਆਣਾ ਨੇ ਬਠਿੰਡਾ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ, ਬਠਿੰਡਾ ਦੀ ਟੀਮ ਇਸ ਟੂਰਨਾਮੈਂਟ ’ਚ ਚੌਥੇ ਸਥਾਨ ਤੇ ਰਹੀ। ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਤਗਮਿਆਂ ਅਤੇ ਸ਼ਾਨਦਾਰ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਿੰਨਾਂ ਟੀਮਾਂ ਦੇ ਕੋਚ ਸਾਹਿਬਾਨ, ਮੈਨਜਰ ਸਾਹਿਬਾਨ ਅਤੇ ਜ਼ਿਲਾ ਕੋਆਰਡੀਨੇਟਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਦੀ ਸਫ਼ਲਤਾ ਵਾਸਤੇ ਓਵਰ ਆਲ ਇੰਚਾਰਜ਼ ਲੈਕਚਰਾਰ ਅਮਿਤ ਗਰੋਵਰ, ਤਰਕੇਸ਼ਵਰ , ਪਿ੍ਰੰਸੀਪਲ ਅਪੂਰਵ ਦੇਵਗਣ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਵਾਈਸ ਪਿ੍ਰੰਸੀਪਲ ਰਾਕੇਸ਼ ਧਵਨ ਵਾਈਸ ਪਿ੍ਰੰਸੀਪਲ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ, ਕਨਵੀਨਰ ਅਰੁਣ ਦੇਵਗਣ, ਲੈਕਚਰਾਰ ਕੁਲਦੀਪ ਸਿੰਘ ਗਿੱਲ, ਲੈਕਚਰਾਰ ਇਕਬਾਲ ਸਿੰਘ, ਕਨਵੀਨਰ ਅਰੁਣ ਦੇਵਗਣ, ਅਮਰਿੰਦਰ ਸਿੰਘ, ਕਨਵੀਨਰ ਆਜ਼ਾਦ ਸਿੰਘ, ਗੋਬਿੰਦ ਸਿੰਘ, ਮਨਪ੍ਰੀਤ ਸਿੰਘ ਡੀ.ਪੀ.ਈ, ਲੈਕਚਰਾਰ ਗੁਰਬਾਜ਼ ਸਿੰਘ, ਅਮੋਲਕ ਸਿੰਘ, ਸੁਰਿੰਦਰਪਾਲ ਸਿੰਘ ਸੋਨੀ, ਜਤਿੰਦਰ ਸਿੰਘ ਅਕਰਮ ਦਸਮੇਸ਼ ਪਬਲਿਕ ਸਕੂਲ, ਬੇਅੰਤ ਸਿੰਘ ਧੂੜਕੋਟ, ਮਹੇਸ਼ ਸ਼ਰਮਾ, ਰਣਧੀਰ ਚਾਵਲਾ, ਅਮਨਦੀਪ ਸਿੰਘ, ਰਿਸ਼ੀ ਦੇਸ ਰਾਜ ਸ਼ਰਮਾ, ਵਰਿੰਦਰ ਕੌਰ, ਮਨਜੋਤ ਸਿੰਘ, ਪ੍ਰਦੀਪ ਸਿੰਘ,ਲਖਵਿੰਦਰ ਸਿੰਘ, ਰਮਨਦੀਪ ਸਿੰਘ, ਅਮਨਪ੍ਰੀਤ ਸਿੰਘ, ਜਸਪਾਲ ਸਿੰਘ, ਵਰੁਣ ਸ਼ਰਮਾ ਨੇ ਅਹਿਮ ਭੂਮਿਕਾ ਅਦਾ ਕੀਤੀ।

