ਸਪੀਕਰ ਸੰਧਵਾਂ ਦੀ ਅਗਵਾਈ ਹੇਠ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ : ਚੇਅਰਮੈਨ/ਧਾਲੀਵਾਲ
ਕੋਟਕਪੂਰਾ, 22 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਨਵਾਂ ਸਾਲ 7 ਕਰੋੜ ਰੁਪਏ ਦੇ ਪ੍ਰੋਜੈਕਟਾਂ ਨਾਲ’ ਬੈਨਰ ਹੇਠ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸ਼ੁਰੂ ਕੀਤੇ ਕੰਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵਾਰਡ ਨੰਬਰ 21 ਦੇ ਲਗਭਗ 88 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਅਤੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ. ਨੇ ਮੁਹੱਲਾ ਵਾਸੀਆਂ ਹੱਥੋਂ ਰਖਵਾਉਂਦਿਆਂ ਆਖਿਆ ਕਿ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ। ਉਹਨਾ ਦੱਸਿਆ ਕਿ ਸਪੀਕਰ ਸੰਧਵਾਂ ਵਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਸਮੇਤ ਠੇਕੇਦਾਰ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਵਿਕਾਸ ਕਾਰਜਾਂ ਵਿੱਚ ਸਿਰਫ ਮਿਆਰੀ ਅਤੇ ਤਸੱਲੀਬਖਸ਼ ਮਟੀਰੀਅਲ ਦੀ ਵਰਤੋਂ ਹੀ ਕੀਤੀ ਜਾਵੇ, ਕਿਸੇ ਪ੍ਰਕਾਰ ਦੀ ਅਣਗਹਿਲੀ ਜਾਂ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਮੁਹੱਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੰਮ ਦੀ ਕੁਆਲਟੀ ਅਤੇ ਨਿਰੰਤਰਤਾ ਉੱਪਰ ਖੁਦ ਨਿਗਰਾਨੀ ਰੱਖਣ, ਕਿਉਂਕਿ ਠੇਕੇਦਾਰ ਨੂੰ ਦਿੱਤੀ ਜਾਣ ਵਾਲੀ ਰਕਮ ਦਾ ਸਬੰਧ ਸਾਡੀਆਂ ਆਉਣ ਵਾਲੀਆਂ ਨਵੀਆਂ ਪੀੜੀਆਂ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਅਕਸਰ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੌਰਾਨ ਹੋਏ ਵਿਕਾਸ ਕਾਰਜ ਇਕ ਸਾਲ ਦਾ ਕਾਰਜਕਾਲ ਵੀ ਪੂਰਾ ਨਹੀਂ ਸਨ ਕਰ ਪਾਉਂਦੇ। ਉਹਨਾਂ ਮੁਹੱਲਾ ਵਾਸੀਆਂ ਨੂੰ ਆਖਿਆ ਕਿ ਜੇਕਰ ਕੰਮ ਵਿੱਚ ਕੋਈ ਕਮੀ ਨਜਰ ਆਉਂਦੀ ਹੈ ਤਾਂ ਉਹ ਤੁਰਤ ਠੇਕੇਦਾਰ ਦੇ ਧਿਆਨ ਵਿੱਚ ਲਿਆਉਣ ਤੇ ਜੇਕਰ ਫਿਰ ਵੀ ਉਸ ਵਿੱਚ ਸੁਧਾਰ ਨਹੀਂ ਕੀਤਾ ਜਾਂਦਾ ਤਾਂ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਦੇ ਧਿਆਨ ਵਿੱਚ ਲਿਆਂਦਾ ਜਾਵੇ। ਚੇਅਰਮੈਨ ਗੁਰਮੀਤ ਸਿੰਘ ਨੇ ਦੱਸਿਆ ਕਿ ਭਾਵੇਂ ਕੋਟਕਪੂਰਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਗਲੀ-ਮੁਹੱਲਿਆਂ ਤੋਂ ਇਲਾਵਾ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡਾਂ ਵਿੱਚ ਵੀ ਵਿਕਾਸ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਉੱਥੋਂ ਦੇ ਵਸਨੀਕਾਂ ਨੂੰ ਵਾਰ-ਵਾਰ ਜਮੀਨਦੋਜ ਪਾਈਪਾਂ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਸੜਕ ਬਣ ਜਾਣ ਤੋਂ ਬਾਅਦ ਸੜਕ ਪੁੱਟਣ ਦੀ ਨੌਬਤ ਨਾ ਆਵੇ। ਸਪੀਕਰ ਸੰਧਵਾਂ ਦੇ ਪੀਆਰਓ ਮਨੀ ਧਾਲੀਵਾਲ ਨੇ ਵੀ ਦੁਹਰਾਇਆ ਕਿ ਅਕਸਰ ਸ਼ਹਿਰ ਵਾਸੀ ਸੜਕ ਬਣਨ ਤੋਂ ਬਾਅਦ ਸੀਵਰੇਜ, ਪਾਣੀ, ਗੈਸ ਆਦਿ ਦੀਆਂ ਜਮੀਨਦੋਜ ਪਾਈਪਾਂ ਜਾਂ ਟੈਲੀਫੋਨ ਦੀਆਂ ਤਾਰਾਂ ਕਾਰਨ ਸੜਕ ਪੁੱਟ ਦਿੰਦੇ ਹਨ ਤੇ ਸੜਕ ਬਣਾਉਣ ਲਈ ਖਰਚਿਆ ਜਾਂਦਾ ਸਾਰਾ ਪੈਸਾ ਅਜਾਈਂ ਚਲਿਆ ਜਾਂਦਾ ਹੈ, ਇਸ ਲਈ ਸੜਕਾਂ ਬਣਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਭਵਿੱਖ ਵਿੱਚ ਇਸ ਤਰਾਂ ਦੀ ਨੌਬਤ ਨਹੀਂ ਆਵੇਗੀ। ਉਹਨਾਂ ਕਿਹਾ ਕਿ ਇਹ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਯੂਥ ਆਗੂ ਦੀਪਕ ਮੌਂਗਾ, ਅਨਿਲ ਜੈਨ, ਨਰਿੰਦਰ ਜੈਨ, ਚਰਨ ਦਾਸ, ਲਲਿਤ ਛਾਬੜਾ, ਅਨਿਲ ਮੋਰੀਆ, ਅਸ਼ੋਕ ਗੋਇਲ, ਰਮਨ ਗੋਇਲ, ਲੱਕੀ ਮਿੱਤਲ, ਵਿਜੈ ਗਰਗ, ਸੰਦੀਪ ਮਿੱਤਲ, ਲਖਵਿੰਦਰ ਸ਼ਰਮਾ, ਦਵਿੰਦਰ ਸਿੰਗਲਾ, ਰਾਹੁਲ ਸ਼ਰਮਾ, ਸ਼ਮਸ਼ੇਰ ਸਿੰਘ ਭਾਨਾ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਵੀ ਹਾਜਰ ਸਨ।