ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਡੂੰਘਾਈ ਨਾਲ ਹੋ ਰਹੀ ਹੈ ਪੁੱਛਗਿੱਛ : ਡੀ.ਐੱਸ.ਪੀ
ਫਰੀਦਕੋਟ , 9 ਅਪੈ੍ਰਲ (ਵਰਲਡ ਪੰਜਾਬੀ ਟਾਈਮਜ)
ਫਰੀਦਕੋਟ ਪੁਲਿਸ ਨੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲਗਭਗ 45 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਰਦ ਅਤੇ ਔਰਤ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਕਤਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਵਲੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਵੀ ਪ੍ਰਾਪਤ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 2017 ਵਿੱਚ ਫਰੀਦਕੋਟ ਪੁਲਿਸ ਥਾਣੇ ਵਿੱਚ ਅਬੋਹਰ ਦੇ ਵਸਨੀਕਾਂ ਨੀਰਜ ਪ੍ਰਕਾਸ਼, ਗੋਰਵ ਛਾਬੜਾ ਅਤੇ ਮੋਨਿਕਾ ਤੁਲੀ ਖਿਲਾਫ਼ ਸਾਲ 2013 ਤੋਂ 2016 ਤੱਕ ਕਈ ਲੋਕਾਂ ਨਾਲ ਮੋਟੀ ਰਕਮ ਦੀ ਧੋਖਾਧੜੀ ਕਰਨ ਦੇ ਕਥਿੱਤ ਦੋਸ਼ਾਂ ਤਹਿਤ ਮਾਮਲਾ ਦਰਜ ਹੋਇਆ ਸੀ। ਪੁਲਿਸ ਮੁਤਾਬਿਕ ਉਹਨਾ ਨੀਰਜ ਪ੍ਰਕਾਸ਼ ਅਤੇ ਮੋਨਿਕਾ ਤੁਲੀ ਨੂੰ ਚੰਡੀਗੜ ਤੋਂ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਕਿਉਂਕਿ ਉਹ ਕਾਫੀ ਸਮੇਂ ਤੋਂ ਪੁਲਿਸ ਨੂੰ ਚਕਮਾ ਦਿੰਦੇ ਆ ਰਹੇ ਸਨ। ਇੱਥੇ ਇਹ ਦੱਸਣਯੋਗ ਹੈ ਕਿ ਸਥਾਨਕ ਥਾਣਾ ਸਿਟੀ ਵਿਖੇ ਸਾਲ 2017 ਵਿੱਚ ਫ਼ਰੀਦਕੋਟ ਦੇ ਲੋਕਾਂ ਨਾਲ ਇਸ ਫਰਮ ਵਲੋਂ 91 ਲੱਖ ਦੀ ਠੱਗੀ ਮਾਰ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ’ਤੇ ਥਾਣਾ ਸਿਟੀ ਮੁਲਜਮ ਨੀਰਜ ਪ੍ਰਕਾਸ਼ ਡਾਇਰੈਕਟਰ ਨੇਚਰ ਹਾਈਟਸ ਇਨਫਰਾ ਲਿਮਟਿਡ, ਮੋਨਿਕਾ ਤੁਲੀ ਆਥੋਰਾਇਜ਼ਡ ਨੇਚਰ ਹਾਈਟਸ ਇਨਫਰਾ ਲਿਮਟਿਡ ਅਤੇ ਗੌਰਵ ਛਾਬੜਾ ਡਾਇਰੈਕਟਰ ’ਤੇ ਦਰਜ ਕੀਤਾ ਗਿਆ ਸੀ। ਲੰਮੇ ਸਮੇਂ ਤੋਂ ਬਾਅਦ ਪੁਲਿਸ ਵਲੋਂ ਉਕਤ ਵਿੱਚੋਂ ਦੋ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ, ਜਦਕਿ ਤੀਜੇ ਗੌਰਵ ਛਾਬੜਾ ਦੀ ਗਿ੍ਰਫ਼ਤਾਰੀ ਬਾਕੀ ਹੈ। ਇਕਬਾਲ ਸਿੰਘ ਸੰਧੂ ਡੀਐੱਸਪੀ ਫਰੀਦਕੋਟ ਮੁਤਾਬਿਕ ਇਨ੍ਹਾਂ ਮੁਲਜ਼ਮਾਂ ਨੇ ਲੋਕਾਂ ਨਾਲ ਕੁੱਲ 45 ਕਰੋੜ ਰੁਪਏ ਦੀ ਠੱਗੀ ਮਾਰੀ ਹੈ ਅਤੇ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਕਾਰਵਾਈ ਦੌਰਾਨ ਇਨ੍ਹਾਂ ਮੁਲਜ਼ਮਾਂ ਦੇ ਬੈਂਕ ਖਾਤਿਆਂ, ਜਿਨ੍ਹਾਂ ਵਿੱਚ ਕਰੋੜਾਂ ਰੁਪਏ ਜਮ੍ਹਾਂ ਹਨ ਅਤੇ ਸੰਪਤੀ ਵੀ ਜਬਤ ਕਰ ਲਈ ਗਈ ਹੈ।