*76 ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਵੰਡੇ ਕੱਪੜੇ*
*ਮਾਨਵਤਾ ਭਲਾਈ ਦੇ ਕੰਮ ਹੋਰ ਤੇਜ਼ ਕਰਨ ਦੀਆਂ ਵਿਚਾਰਾਂ*
ਰਾਜਗੜ੍ਹ ਸਲਾਬਤਪੁਰਾ, 14 ਅਪਰੈਲ(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ)
ਸਰਵ ਧਰਮ ਸੰਗਮ ਦੇ ਨਾਮ ਤੇ ਪੂਰੇ ਵਿਸ਼ਵ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾ ਚੁੱਕੇ ਡੇਰਾ ਸੱਚਾ ਸੌਦਾ ਦੇ 76ਵੇਂ ਸਥਾਪਨਾ ਮਹੀਨੇ ਦਾ ਸ਼ੁਭ ਭੰਡਾਰਾ ਐਮ.ਐਸ.ਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਨਾਮ ਜੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਬੇਹੱਦ ਉਤਸ਼ਾਹ ਨਾਲ ਮਨਾਇਆ ਗਿਆ। ਵਾਢੀ ਦਾ ਸੀਜਨ ਹੋਣ ਦੇ ਬਾਵਜੂਦ ਪੰਜਾਬ ਦੇ ਕੋਨੇ ਕੋਨੇ ਵਿਚੋਂ ਲੱਖਾਂ ਦੀ ਗਿਣਤੀ ਵਿੱਚ ਸਾਧ-ਸੰਗਤ ਡੇਰੇ ਪੁੱਜੀ।
ਇਸ ਸ਼ੁਭ ਮੌਕੇ ‘ਤੇ ਕਰਵਾਏ ਗਏ ਨਾਮਚਰਚਾ ਸਤਿਸੰਗ ਪ੍ਰੋਗਰਾਮ ਦੌਰਾਨ ਸਥਾਨਕ ਸਾਧ ਸੰਗਤ ਵੱਲੋਂ ਕਲੌਥ ਬੈਂਕ ਮੁਹਿੰਮ ਤਹਿਤ 76 ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਕੱਪੜੇ ਵੰਡੇ ਗਏ।
ਨਾਮਚਰਚਾ ਸਤਿਸੰਗ ਦੌਰਾਨ ਪੰਡਾਲ ਵਿੱਚ ਵੱਡੀਆਂ ਐੱਲ ਈ ਡੀ ਸਕਰੀਨਾਂ ‘ਤੇ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਸ਼ਬਦ ਚਲਾਏ ਗਏ। ਜਿਸ ਨੂੰ ਸੰਗਤਾਂ ਨੇ ਇਕਾਗਰਤਾ ਨਾਲ ਸੁਣਿਆ।
ਨਾਮਚਰਚਾ ਸਤਿਸੰਗ ਪ੍ਰੋਗਰਾਮ ਵਿੱਚ ਪੂਜਨੀਕ ਹਜ਼ੂਰ ਪਿਤਾ ਜੀ ਦੇ ਰਿਕਾਰਡਡ ਵਚਨ ਸਾਧ ਸੰਗਤ ਨੇ ਬਹੁਤ ਹੀ ਸ਼ਰਧਾ ਭਾਵ ਨਾਲ ਸਰਵਣ ਕੀਤੇ।
ਵਿਆਖਿਆ ਵਿਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੂਜਨੀਕ ਗੁਰੂ ਜੀ ਨੇ ਸੱਚੇ ਸੌਦੇ ਦਾ ਮਕਸਦ ਸਮਝਾਉਂਦੇ ਹੋਏ ਕਿਹਾ ਕਿ ਸੱਚਾ ਮਾਲਕ ਵਾਹਿਗੁਰੂ, ਅੱਲ੍ਹਾ, ਰਾਮ ਦਾ ਨਾਮ ਹੈ। ਇਹ ਸੱਚ ਸੀ, ਸੱਚ ਹੈ ਅਤੇ ਹਮੇਸ਼ਾ ਸੱਚ ਰਹੇਗਾ। ਉਹ ਕਦੇ ਨਹੀਂ ਬਦਲਿਆ ਅਤੇ ਕਦੇ ਨਹੀਂ ਬਦਲੇਗਾ। ਡੇਰਾ ਸੱਚਾ ਸੌਦਾ ਵਿੱਚ ਕੋਈ ਵੀ ਵਿਅਕਤੀ ਆਪਣੇ ਮਾੜੇ ਕੰਮ ਛੱਡ ਕੇ ਬਦਲੇ ਵਿੱਚ ਰਾਮ ਦਾ ਨਾਮ ਲੈ ਸਕਦਾ ਹੈ। ਘਰ ਵਿੱਚ ਰਹਿੰਦਿਆਂ ਜਿੰਨਾ ਜ਼ਿਆਦਾ ਰਾਮ ਦਾ ਨਾਮ ਜਪੋਗੇ, ਓਨਾ ਹੀ ਸੁਖ ਮਿਲੇਗਾ। ਇੱਥੇ ਲੋਕਾਂ ਨੂੰ ਬੇਸਹਾਰਾ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸਾਰੇ ਧਰਮਾਂ ਵਿੱਚ ਵੀ ਦਾਨ ਦੇਣ ਦੀ ਪਰੰਪਰਾ ਰਹੀ ਹੈ, ਸਹੀ ਥਾਂ ਤੇ ਕੀਤਾ ਗਿਆ ਦਾਨ ਖੁਸ਼ੀਆਂ ਦੇ ਭਾਗੀਦਾਰ ਬਣਾਉਂਦਾ ਹੈ।
ਡੇਰਾ ਸੱਚਾ ਸੌਦਾ ‘ਚ ਆ ਕੇ ਨਸ਼ਾ ਕਰਨ ਵਾਲੇ ਨਸ਼ੇ ਤੋਂ ਮੁਕਤ ਹੋ ਜਾਂਦੇ ਹਨ। ਜਾਨਵਰਾਂ ਅਤੇ ਪੰਛੀਆਂ ਦਾ ਇਲਾਜ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇੱਥੇ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਅਤੇ ਪੜ੍ਹਾਈ ਲਈ ਵੀ ਪ੍ਰੇਰਨਾ ਦਿੱਤੀ ਜਾਂਦੀ ਹੈ।
ਨਾਮਚਰਚਾ ਸਤਿਸੰਗ ਪ੍ਰੋਗਰਾਮ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ 162 ਮਾਨਵਤਾ ਭਲਾਈ ਕਾਰਜਾਂ ਵਿੱਚ ਸ਼ਾਮਲ 27ਵਾਂ ਕਾਰਜ ਜਿਸ ਤਹਿਤ ਸਾਧ ਸੰਗਤ ਲੋੜਵੰਦ ਲੋਕਾਂ ਲਈ ਘਰ ਬਣਾਉਂਦੀ ਹੈ, ਆਸ਼ਿਆਨਾ ਮੁਹਿੰਮ ਨਾਲ ਸਬੰਧਤ ਡਾਕੂਮੈਂਟਰੀ ਦਿਖਾਈ ਗਈ। ਡਾਕੂਮੈਂਟਰੀ ਰਾਹੀਂ ਆਮ ਲੋਕਾਂ ਨੂੰ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਤ ਕੀਤਾ ਗਿਆ। ਹੁਣ ਤੱਕ ਡੇਰਾ ਸੱਚਾ ਸੌਦਾ ਦੀ ਸੰਸਥਾ ਵੱਲੋਂ 2500 ਦੇ ਕਰੀਬ ਘਰ ਬਣਾਏ ਜਾ ਚੁੱਕੇ ਹਨ ਅਤੇ ਹੁਣ ਵੀ ਇਹ ਕੰਮ ਲਗਾਤਾਰ ਜਾਰੀ ਹੈ। ਇਸ ਕੰਮ ‘ਤੇ ਹੁਣ ਤੱਕ 22 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾ ਚੁੱਕੇ ਹਨ।
ਇਸ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਵਿਸ਼ਵ ਵਿਆਪੀ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਸਬੰਧੀ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਜਾਗੋ ਦੁਨੀਆ ਦੇ ਲੋਕੋ ਅਤੇ ‘ਆਸ਼ੀਰਵਾਦ ਮਾਂਵਾਂ ਦਾ’ ਭਜਨ ਸੁਣਾਏ ਗਏ। ਜਿਸ ਰਾਹੀਂ ਲੋਕਾਂ ਨੂੰ ਨਸ਼ੇ ਨਾ ਕਰਨ ਦੀ ਸਿੱਖਿਆ ਦਿੱਤੀ ਗਈ।
ਅੰਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਾਧ ਸੰਗਤ ਨੂੰ ਥੋੜੇ ਹੀ ਸਮੇਂ ਵਿੱਚ ਲੰਗਰ ਪ੍ਰਸਾਦ ਵੀ ਛਕਾਇਆ ਗਿਆ।