ਫ਼ਰੀਦਕੋਟ 17 ਅਪੈ੍ਰਲ (ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਇਸ ਵਕਤ ਤਾਨਾਸ਼ਾਹ ਹਾਕਮਾਂ ਤੋਂ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਫ਼ਾਸ਼ੀਵਾਦ ਤਾਕਤਾਂ ਸੱਤਾ ’ਤੇ ਮੁੜ ਕਾਬਜ਼ ਹੋਣ ਲਈ ਜਦੋਂ ਜ਼ੋਰ ਅਜ਼ਮਾਇਸ਼ ’ਚ ਰੁੱਝੀਆਂ ਹੋਣ ਤਾਂ ਦੇਸ਼ ਭਗਤ ਅਗਵਾਈ ਕਰਨ ਲਈ ਅੱਗੇ ਆਉਂਦੇ ਹਨ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਅਨਮੋਲ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਨੇ ਆਪਣੇ ਰਾਜਕਾਲ ਦੌਰਾਨ ਫ਼ਿਰਕੂ ਰਾਜਨੀਤੀ ਨੂੰ ਵਿਆਪਕ ਹਵਾ ਦਿੱਤੀ ਅਤੇ ਉੱਥੇ ਦੂਜੇ ਪਾਸੇ ਮਹਿੰਗਾਈ ਨੇ ਗਰੀਬਾਂ ਦਾ ਲੱਕ ਤੋੜਿਆ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਵਧੀ ਅਤੇ ਗਰੀਬ ਹੋਰ ਗਰੀਬ ਹੋਇਆ। ਇਸੇ ਦੌਰਾਨ ਭੁੱਖਮਰੀ, ਬਿਮਾਰੀ ਤੇ ਗੁਰਬਤ ਵਰਗੀਆਂ ਅਲਾਮਤਾਂ ਨੇ ਸਿਰ ਚੁੱਕਿਆ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਲਈ ਲੜਨ ਵਾਲੇ ਹਰ ਸ਼ਖ਼ਸ ਦੀ ਜ਼ੁਬਾਨ ਬੰਦ ਕਰਨ ਲਈ ਹਾਕਮਾਂ ਨੇ ਆਪਣੀਆਂ ਸੱਤਾ ਸ਼ਕਤੀਆਂ ਦਾ ਰੱਜ ਕੇ ਦੁਰਉਪਯੋਗ ਕੀਤਾ। ਉਨ੍ਹਾਂ ਪੰਜਾਬ ਕਾਂਗਰਸ ਦੀ ਦਸ਼ਾ ਨੂੰ ਤਰਸਯੋਗ ਦੱਸਦਿਆਂ ਕਿਹਾ ਕਿ ਇਸ ਪਾਰਟੀ ਦੇ ਸੱਤਰ ਪ੍ਰਤੀਸ਼ਤ ਆਗੂ ਨਿੱਜੀ ਮੁਫ਼ਾਦਾਂ ਖ਼ਾਤਰ ਭਾਜਪਾ ’ਚ ਚਲੇ ਗਏ ਅਤੇ ਹੁਣ ਕਾਂਗਰਸ ਦਾ ਬਾਕੀ ਕੋਈ ਵੀ ਵਜੂਦ ਨਹੀਂ ਬਚਿਆ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ‘ਬਾਦਲ ਪਰਿਵਾਰ ਪ੍ਰਾਈਵੇਟ ਲਿਮਟਿਡ ਕੰਪਨੀ’ ਕਹਿੰਦਿਆਂ, ਇਸ ’ਤੇ ਪੰਜਾਬ ਦੇ ਹਿੱਤ ਭਾਜਪਾ ਕੋਲ ਗਹਿਣੇ ਧਰਨ ਦੇ ਦੋਸ਼ ਲਾਏ। ਕਰਮਜੀਤ ਅਨਮੋਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੇ 13 ਮਹੀਨਿਆਂ ਦੌਰਾਨ ਪੰਜਾਬੀਆਂ ਦਾ ਇਸ ਅੰਦੋਲਨ ਵਿੱਚ ਅਹਿਮ ਮੁਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ’ਚ ਕਰੀਬ ਸਾਢੇ ਸੱਤ ਸੌ ਕਿਸਾਨ ਸ਼ਹੀਦ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਉਹ ਮੈਂਬਰ ਪਾਰਲੀਮੈਂਟ ਬਣ ਕੇ, ਕਿਸਾਨੀ ਜਨ ਜੀਵਨ ਨੂੰ ਉੱਚਾ ਚੁੱਕਣਾ ਉਨ੍ਹਾਂ ਦੀ ਤਰਜੀਹ ਹੋਵੇਗਾ। ਇਸ ਮੌਕੇ ਹਲਕਾ ਜੈਤੋ ਦੇ ਵਿਧਾਇਕ ਇੰਜ. ਅਮੋਲਕ ਸਿੰਘ, ਦਿ ਟਰੱਕ ਅਪ੍ਰੇਟਰਜ਼ ਐਸੋਸੀਏਸ਼ਨ ਦੇ ਸੂਬਾਈ ਆਗੂ ਐਡਵੋਕੇਟ ਹਰਸਿਮਰਨ ਮਲਹੋਤਰਾ, ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੱਧੂ ਤੇ ਸਤਿੰਦਰ ਢਿੱਲੋਂ ਸਮੇਤ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ।