ਡੀਐਸਪੀ ਅਤੇ ਐੱਸਐੱਚਓ ਤੋਂ ਪੋਸਟਰ ਰਿਲੀਜ਼ ਕਰਵਾ ਕੇ ਸਹਿਯੋਗ ਦੀ ਕੀਤੀ ਅਪੀਲ
ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ : ਡੀ.ਐਸ.ਪੀ.

ਕੋਟਕਪੁਰਾ, 10 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ ਦੀ ਤਰਾਂ ਇਸ ਵਾਰ ਵੀ ਜਨਰਲ ਮਰਚੈਂਟਸ ਐਸੋਸੀਏਸ਼ਨ ਕੋਟਕਪੂਰਾ ਵੱਲੋਂ ਇਲਾਕੇ ਵਿੱਚ ਜਾਨਲੇਵਾ ਚਾਈਨਾ ਡੋਰ ਦੀ ਵਿੱਕਰੀ ਅਤੇ ਵਰਤੋਂ ਰੋਕਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਕਤ ਮੁਹਿੰਮ ਤਹਿਤ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਬਿੱਟੂ ਅਤੇ ਉਨ੍ਹਾਂ ਦੀ ਟੀਮ ਟੀਮ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਮਿਲ ਕੇ ਉਨ੍ਹਾਂ ਤੋਂ ਚਾਈਨਾ ਡੋਰ ਤੋਂ ਹੋਣ ਵਾਲੇ ਨੁਕਸਾਨਾਂ ਸਬੰਧੀ ਜਾਣਕਾਰੀ ਦਿੰਦਾ ਹੋਇਆ, ਜਿੱਥੇ ਪੋਸਟਰ ਰਿਲੀਜ਼ ਕਰਵਾਇਆ ਜਾ ਰਿਹਾ ਹੈ, ਉੱਥੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਤੋਂ ਸਹਿਯੋਗ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪ੍ਰਧਾਨ ਵਿਪਨ ਬਿੱਟੂ ਦੀ ਅਗਵਾਈ ਹੇਠ ਐਸੋਸੀਏਸ਼ਨ ਦਾ ਇਕ ਵਫਦ ਸ਼੍ਰੀ ਸੰਜੀਵ ਕੁਮਾਰ ਡੀ.ਐਸ.ਪੀ. ਅਤੇ ਚਮਕੌਰ ਸਿੰਘ ਬਰਾੜ ਐਸ.ਐਚ.ਓ. ਥਾਣਾ ਸਿਟੀ ਕੋਟਕਪੂਰਾ ਨੂੰ ਮਿਲਿਆ। ਇਸ ਦੌਰਾਨ ਉਨ੍ਹਾਂ ਤੋਂ ਪੋਸਟਰ ਵੀ ਰਿਲੀਜ਼ ਕਰਵਾਏ ਗਏ ਅਤੇ ਸਹਿਯੋਗ ਦੀ ਵੀ ਅਪੀਲ ਕੀਤੀ ਗਈ। ਇਸ ਮੌਕੇ ਪ੍ਰਧਾਨ ਵਿਪਨ ਬਿੱਟੂ ਨੇ ਦੱਸਿਆ ਕਿ ਚਾਈਨਾ ਡੋਰ ਨਾਲ ਆਮ ਲੋਕਾਂ ਤੋਂ ਇਲਾਵਾ ਪੰਛੀਆਂ ਦੇ ਜਖਮੀ ਹੋਣ ਦੀਆਂ ਖਬਰਾਂ ਪੜ੍ਹਣ-ਸੁਨਣ ਨੂੰ ਮਿਲ ਰਹੀਆਂ ਹਨ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਨੂੰ ਇਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਇਹ ਜਾਗਰੂਕਤਾ ਮੁਹਿੰਮ ਵੱਡੇ ਪੱਧਰ ’ਤੇ ਸ਼ੁਰੂ ਕੀਤੀ ਗਈ ਹੈ। ਪੋਸਟਰ ਰਿਲੀਜ਼ ਕਰਦਿਆਂ ਸੰਜੀਵ ਕੁਮਾਰ ਡੀਐਸਪੀ ਅਤੇ ਚਮਕੌਰ ਸਿੰਘ ਬਰਾੜ ਨੇ ਜਨਰਲ ਮਰਚੈਂਟਸ ਐਸੋਸੀਏਸ਼ਨ ਦੇ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਕੁਝ ਲੋਕ ਪੈਸੇ ਦੇ ਲਾਲਚ ਵੱਸ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਉੱਥੇ ਜੀ.ਐੱਮ.ਏ. ਵੱਲੋਂ ਕੀਤੇ ਜਾ ਰਹੇ ਇਹ ਯਤਨ ਬੇਹੱਦ ਸ਼ਲਾਘਾਯੋਗ ਹਨ। ਉਨ੍ਹਾਂ ਇਸ ਮੁਹਿੰਮ ਵਿੱਚ ਜੀ.ਐੱਮ.ਏ. ਨੂੰ ਪੂਰਨ ਸਹਿਯੋਗ ਦਾ ਭਰੋਸਾ ਵੀ ਦਿਵਾਇਆ। ਡੀਐਸਪੀ ਸੰਜੀਵ ਕੁਮਾਰ ਨੇ ਆਖਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਉਪਰ ਪੂਰੇ ਪੰਜਾਬ ਵਿੱਚ ਪਾਬੰਦੀ ਲਾਈ ਗਈ ਹੈ। ਉਨ੍ਹਾਂ ਦੁਕਾਨਦਾਰ ਨੂੰ ਵੀ ਅਪੀਲ ਕੀਤੀ ਕਿ ਚਾਈਨਾ ਡੋਰ ਸਟੋਰ ਕਰਕੇ ਨਾ ਰੱਖਣ ਅਤੇ ਜੇਕਰ ਕੋਈ ਆਸ ਪਾਸ ਚਾਈਨਾ ਡੋਰ ਦੀ ਵਿਕਰੀ ਕਰਦਾ ਹੈ ਤਾਂ ਉਨ੍ਹਾਂ ਬਾਰੇ ਮੇਰੇ ਧਿਆਨ ਵਿੱਚ ਲਿਆਂਦਾ ਜਾਵੇ, ਦੱਸਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਹਨਾ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਿਆ ਜਾਵੇ, ਜੇਕਰ ਕੋਈ ਵੀ ਕੀਤੀ ਗਈ ਪਾਬੰਦੀ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

