ਫਰੀਦਕੋਟ 4 ਮਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਕੁੱਕੂ ਰਾਣਾ ਰੋਂਦਾ ਤੇ ਮਾਂ ਦਿਆ ਸੁਰਜਣਾ ਜਿਹੇ ਅਮਰ ਗੀਤ ਗਾਉਣ ਵਾਲੇ ਪ੍ਰਸਿੱਧ ਲੋਕ ਗਾਇਕ ਬਲਧੀਰ ਮਾਹਲਾ ਦਾ ਲੋਕਾਂ ਨੂੰ ਜਾਗਰਤ ਕਰਦਾ ਤੇ ਅੱਜ ਦੀ ਨਿੱਘਰ ਚੁੱਕੀ ਸਿਆਸਤ ‘ਤੇ ਵਿਅੰਗ ਕੱਸਦਾ ਗੀਤ “ਪੁੱਛੋ ਤੁਸੀਂ ਪੁੱਛੋ” ਬਹੂਤ ਜਲਦ ਮਾਰਕੀਟ ਵਿੱਚ ਆ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਧੀਰ ਮਾਹਲਾ ਅਫਿਸ਼ੀਅਲ ਦੇ ਪ੍ਰੈਸ ਸਕੱਤਰ ਅਤੇ ਮੀਡੀਆ ਸਲਾਹਕਾਰ ਸ੍ਰੀ ਧਰਮ ਪ੍ਰਵਾਨਾ ਨੇ ਪ੍ਰੈਸ ਨੂੰ ਦੱਸਿਆ ਕਿ ਇਹ ਗੀਤ ਸਿਆਸੀ ਆਗੂਆਂ ਦੇ ਲੋਕਾਂ ਨਾਲ ਕੀਤੇ ਝੂਠੇ ਵਾਅਦੇ, ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੀ ਲੁੱਟ, ਸਮਾਜ ਵਿੱਚ ਫੈਲੇ ਨਸ਼ੇ, ਲੁੱਟਾਂ ਖੋਹਾਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ, ਰਿਸ਼ਵਤਖੋਰੀ, ਕਿਸਾਨੀ ਸੰਘਰਸ਼, ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਆਦਿ ਜਿਹੇ ਗੰਭੀਰ ਮੁੱਦਿਆਂ ਦੇ ਹੱਲ ਲਈ ਕਰਾਰੀ ਚੋਟ ਕੱਸਦਿਆਂ ਜਲਦ ਹੀ ਮਾਰਕੀਟ ਵਿੱਚ ਆ ਰਿਹਾ ਹੈ। ਸੋਚ ਤੇ ਸ਼ਬਦ ਬਲਧੀਰ ਮਾਹਲਾ ਦੇ ਹੈ ਤੇ ਸੰਗੀਤਕ ਧੁਨਾਂ ਨਾਲ ਸਜਾਇਆ ਹੈ ਸੰਗੀਤਕਾਰ ਸੰਨੀ ਸੈਵਨ ਨੇ। ਇਸ ਗੀਤ ਦਾ ਫਿਲਮਾਂਕਣ ਉੱਘੇ ਵਿਦਵਾਨ ਗੀਤਕਾਰ ਕੰਵਲਜੀਤ ਸਿੰਘ ਢਿੱਲੋਂ ਦੀ ਰਹੁਨਮਾਈ ਵਿੱਚ ਪ੍ਰਸਿੱਧ ਵੀਡੀਉ ਨਿਰਦੇਸ਼ਕ ਗੁਰਬਾਜ ਗਿੱਲ ਦੀ ਨਿਰਦੇਸ਼ਨਾ ਹੇਠ ਹੋ ਰਿਹਾ ਹੈ ਜੋ ਕਿ ਅਗਲੇ ਕੁੱਝ ਦਿਨਾਂ ਵਿੱਚ ਹੀ ਬਲਧੀਰ ਮਾਹਲਾ ਆਫਸ਼ੀਅਲ ਯੂ ਟਿਊਬ ਚੈਨਲ ਉੱਤੇ ਅੰਤਰਰਾਸ਼ਟਰੀ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ।