ਬਰਨਾਲਾ 6 ਮਈ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਬਰਨਾਲਾ ਸੰਗਰੂਰ ਦੀ ਮੀਟਿੰਗ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਪ੍ਰਧਾਨਗੀ ਤੇ ਸੂਬਾ ਆਗੂ ਹੇਮਰਾਜ ਸਟੈਨੋ ਦੀ ਨਿਗਰਾਨੀ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਸੀਤਾ ਰਾਮ ਬਾਲਦ ਕਲਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਤਰਕਸ਼ੀਲ ਕਾਰਕੁਨਾਂ ਵਿਚ ਚਿੰਤਨ, ਅਧਿਐਨ ਅਤੇ ਸਵੈ ਚਿੰਤਨ ਦੀ ਭਾਵਨਾ ਵਿਕਸਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ। ਵਿਚਾਰਿਆ ਗਿਆ ਕਿ ਚਿੰਤਨ ਦੀ ਭਾਵਨਾ ਪੈਦਾ ਕਰਨ ਲਈ ਵਿਗਿਆਨਕ ਸਾਹਿਤ ਦਾ ਅਧਿਐਨ ਕਰਨ ਦੀ ਲੋੜ ਹੈ ਤਾਂ ਕਿ ਵਿਰੋਧੀਆਂ ਵਲੋਂ ਫੈਲਾਏ ਜਾਂਦੇ ਗੁੰਮਰਾਹਕੁੰਨ ਫ਼ਿਰਕੂ ਪ੍ਰਚਾਰ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਵਾਬ ਦਿੱਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਭਾਰਤ ਵਿਚ ਧਰਮ ਅਤੇ ਰਾਜਨੀਤੀ ਨੂੰ ਵੱਖ ਕਰਨ,ਫ਼ਿਰਕੂ ਨਫ਼ਰਤੀ ਭਾਸ਼ਣ ਕਰਨ ਉਤੇ ਸਖ਼ਤ ਪਾਬੰਦੀ ਲਗਾਉਣ ਮੰਗ ਕਰਦਿਆਂ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾਉਣ ਦੀ ਪੁਰਜ਼ੋਰ ਮੰਗ ਕੀਤੀ ਗਈ। ਵਿਗਿਆਨਕ ਵਿਚਾਰਾਂ ਦਾ ਡੂੰਘਾ ਅਧਿਐਨ ਕਰਨ ਦੀ ਆਦਤ ਪਾਉਣ ਲਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅੱਗੇ ਤੋਂ ਹਰ ਇਕਾਈ ਦੋ ਮਹੀਨਿਆਂ ਵਿੱਚ ਹੋਣ ਵਾਲੀ ਜ਼ੋਨ ਦੀ ਹਰ ਮੀਟਿੰਗ ਵਿੱਚ ਇੱਕ ਕਿਤਾਬ ਦਾ ਸਾਰ ਅੰਸ਼ ਪੇਸ਼ ਕਰਿਆ ਕਰੇਗੀ । ਮੀਟਿੰਗ ਵਿੱਚ ਮਈ-ਜੂਨ ਤਰਕਸ਼ੀਲ ਮੈਗਜੀਨ ਅੰਕ ਦੀ ਵੰਡ ਵੀ ਕੀਤੀ ਗਈ।ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੋਹਣ ਸਿੰਘ ਮਾਝੀ, ਅਵਤਾਰ ਸਿੰਘ ਬਰਨਾਲਾ, ਜਗਜੀਤ ਸਿੰਘ ਬਰਨਾਲਾ, ਕੁਲਦੀਪ ਨੈਣੇਵਾਲ, ਸੁਖਵੀਰ ਸਿੰਘ ਲੌਂਗੋਵਾਲ, ਸੁਰਿੰਦਰ ਪਾਲ ਸੰਗਰੂਰ ਨੇ ਸ਼ਮੂਲੀਅਤ ਕੀਤੀ।