ਸਲਾਬਤਪੁਰਾ,13 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਡੇਰਾ ਸੱਚਾ ਸੌਦਾ ਦੀ ਪੰਜਾਬ ਦੀ ਸਾਧ ਸੰਗਤ ਵੱਲੋਂ ਅੱਜ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐਮਐਸਜੀ ਸਤਿਸੰਗ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਭੰਡਾਰੇ ਵਿੱਚ ਭਾਰੀ ਗਿਣਤੀ ‘ਚ ਸਾਧ ਸੰਗਤ ਪੁੱਜੀ। ਸਾਧ ਸੰਗਤ ਦੀ ਆਮਦ ਨੂੰ ਲੈ ਕੇ ਪਾਣੀ ਅਤੇ ਛਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਗਰਮੀ ਦੇ ਇਸ ਮੌਸਮ ਵਿੱਚ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਲੋੜਵੰਦ ਪਰਿਵਾਰਾਂ ਦੇ 76 ਬੱਚਿਆਂ ਨੂੰ ਕੱਪੜੇ ਵੰਡੇ ਗਏ। ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਮਸਤਾਨਾ ਜੀ ਨੇ ਸੰਨ 1948 ਦੇ ਅਪ੍ਰੈਲ ਮਹੀਨੇ ਵਿੱਚ ਡੇਰੇ ਦੀ ਸਥਾਪਨਾ ਕਰਨ ਤੋਂ ਬਾਅਦ ਮਈ ਮਹੀਨੇ ਵਿੱਚ ਪਹਿਲਾ ਸਤਿਸੰਗ ਫਰਮਾਇਆ ਸੀ। ਸਾਧ ਸੰਗਤ ਮਈ ਮਹੀਨੇ ਨੂੰ ਪਵਿੱਤਰ ਐਮਐਸਜੀ ਸਤਿਸੰਗ ਭੰਡਾਰਾ ਮਹੀਨੇ ਵਜੋਂ ਮਨਾਉਂਦੀ ਹੈ।
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਪਵਿੱਤਰ ਅਨਮੋਲ ਬਚਨ ਵੀ ਸੰਗਤ ਨੂੰ ਸੁਣਾਏ ਗਏ। ਗੁਰੂ ਜੀ ਨੇ ਫਰਮਾਇਆ ਕਿ ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਜਿਸਦੇ ਅਨੇਕਾਂ ਨਾਮ ਹਨ ਉਹ ਕਣ-ਕਣ ਵਿੱਚ ਹੈ। ਆਪ ਜੀ ਨੇ ਉਦਾਹਰਣ ਦਿੰਦਿਆਂ ਫਰਮਾਇਆ ਕਿ ਜਿਸ ਤਰ੍ਹਾਂ ਪਾਣੀ ਨੂੰ ਜਲ ਜਾਂ ਵਾਟਰ ਕਹਿਣ ਨਾਲ ਉਸਦਾ ਸਵਾਦ ਨਹੀਂ ਬਦਲਦਾ, ਉਸੇ ਤਰ੍ਹਾਂ ਮਾਲਕ ਇੱਕ ਹੈ ਉਸਦੇ ਨਾਮ ਅਨੇਕ ਹਨ। ਮਾਲਕ ਸਭ ਦੇ ਅੰਦਰ ਹੈ ਪਰ ਉਸਨੂੰ ਦੂਰ ਸਮਝਦੇ ਹਾਂ ਜੋ ਨਾਦਾਨੀ ਹੈ, ਆਗਿਆਨਤਾ ਹੈ। ਆਪ ਜੀ ਨੇ ਫਰਮਾਇਆ ਕਿ ਅੰਦਰ ਵਾਲੇ ਨੂੰ ਅੰਦਰੋਂ ਮਹਿਸੂਸ ਕਰੋ, ਜ਼ਰੂਰ ਮਿਲੇਗਾ। ਦੁਨਿਆਵੀ ਚੀਜਾਂ ਦੀ ਥਾਂ ਉਸਨੂੰ (ਮਾਲਕ) ਆਪਣਾ ਬਣਾ ਲਓ ਤਾਂ ਬਾਕੀ ਚੀਜਾਂ ਆਪਣੇ ਆਪ ਹੀ ਤੁਹਾਡੀਆਂ ਬਣ ਜਾਣਗੀਆਂ। ਵਿਚਾਰਾਂ ਨੂੰ ਸ਼ੁੱਧ ਕਰੋ ਤਾਂ ਘਰ ਵਿੱਚ ਬੈਠਿਆਂ ਵੀ ਮਾਲਕ ਮਿਲ ਜਾਵੇਂਗਾ, ਜੇਕਰ ਵਿਚਾਰ ਸ਼ੁੱਧ ਨਹੀਂ ਤਾਂ ਸਾਰੀ ਦੁਨੀਆਂ ਘੁੰਮਣ ਤੇ ਵੀ ਉਹ ਨਹੀਂ ਮਿਲੇਗਾ। ਆਪ ਜੀ ਨੇ ਸਾਧ ਸੰਗਤ ਨੂੰ ਹਰ ਧਾਰਮਿਕ ਸਥਾਨ ਅੱਗੇ ਸਿਜ਼ਦਾ ਕਰਨ ਦੇ ਬਚਨ ਫਰਮਾਉਂਦਿਆਂ ਕਿਹਾ ਕਿ ਧਾਰਮਿਕ ਸਥਾਨਾਂ ਵਿੱਚ ਗੁਰੂਆਂ, ਪੀਰਾਂ, ਫਕੀਰਾਂ ਦੀ ਪਵਿੱਤਰ ਬਾਣੀ ਹੁੰਦੀ ਹੈ ਇਸ ਲਈ ਸਜਦਾ ਜ਼ਰੂਰ ਕਰਿਆ ਕਰੋ। ਇਸ ਮੌਕੇ ਗੁਰੂ ਜੀ ਵੱਲੋਂ ਅਪ੍ਰੈਲ ਮਹੀਨੇ ਵਿੱਚ ਭੇਜੀ ਗਈ ਸ਼ਾਹੀ ਚਿੱਠੀ ਇੱਕ ਵਾਰ ਫਿਰ ਸਾਧ ਸੰਗਤ ਨੂੰ ਪੜ੍ਹ ਕੇ ਸੁਣਾਈ ਗਈ। ਇਸ ਮੌਕੇ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਨਸ਼ਿਆਂ ਖਿਲਾਫ਼ ਗਾਏ ਗੀਤ ‘ਦੇਸ਼ ਦੀ ਜਵਾਨੀ’, ਤੇ ‘ਜਾਗੋ ਦੇਸ਼ ਦੇ ਲੋਕੋ’ ਵੀ ਚਲਾਏ ਗਏ। ਇਹਨਾਂ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਨੌਜਵਾਨ ਨਸ਼ਾ ਛੱਡ ਚੁੱਕੇ ਹਨ। ਇਸ ਤੋਂ ਇਲਾਵਾ ਗਰਮੀਆਂ ਦੇ ਇਹਨਾਂ ਦਿਨਾਂ ਵਿੱਚ ਰਾਹਗੀਰਾਂ ਦੀ ਪਿਆਸ ਬੁਝਾਉਣ ਦਾ ਸੰਦੇਸ਼ ਦਿੰਦੀ ਡਾਕੂਮੈਟਰੀ ਵੀ ਇਸ ਮੌਕੇ ਦਿਖਾਈ ਗਈ। ਡਾਕੂਮੈਟਰੀ ਵਿੱਚ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜੇਕਰ ਲੋਕਾਂ ਦੀ ਪਿਆਸ ਬੁਝਾਉਣ ਲਈ ਘੜੇ ਆਦਿ ਭਰ ਕੇ ਰੱਖ ਦਿੱਤੇ ਜਾਣ ਤਾਂ ਇਹ ਬਹੁਤ ਹੀ ਪੁੰਨ ਦਾ ਕੰਮ ਹੈ। ਵੀਡੀਓ ਜਰੀਏ ਇਸ ਕਾਰਜ ਨੂੰ ਹੋਰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ।
ਦੱਸਣਾ ਬਣਦਾ ਹੈ ਕਿ ਸਾਧ ਸੰਗਤ ਲੱਖਾਂ ਦੀ ਗਿਣਤੀ ਚ ਹੋਣ ਦੇ ਬਾਵਜੂਦ ਪੂਰਨਤਾ ਅਨੁਸ਼ਾਸ਼ਨ ਚ ਬੱਝੀ ਦਿਖਾਈ ਦਿੱਤੀ। ਭੰਡਾਰੇ ਦੀ ਸਮਾਪਤੀ ਤੋਂ ਬਾਅਦ ਸੇਵਾਦਾਰਾਂ ਵੱਲੋਂ ਲੱਖਾਂ ਦੀ ਤਾਦਾਦ ਵਿੱਚ ਕੁੱਝ ਪਹੁੰਚੀ ਸੰਗਤ ਨੂੰ ਕੁੱਝ ਹੀ ਮਿੰਟਾਂ ਵਿੱਚ ਲੰਗਰ ਭੋਜਨ ਛਕਾ ਦਿੱਤਾ ਗਿਆ।