ਭਗਵੰਤ ਮਾਨ ਵਲੋਂ ਸੂਬੇ ਦੇ ਲੋਕਾਂ ਲਈ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ’ਚ ਹੋਇਆਂ ਹਾਂ ਸ਼ਾਮਲ : ਅਰਸ਼ ਸੱਚਰ
ਫਰੀਦਕੋਟ 15 ਮਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਕਾਂਗਰਸ ਦੇ ਸੂਬਾਈ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨੇੜਲੇ ਰਿਸ਼ਤੇਦਾਰ ਅਤੇ ਫਰੀਦਕੋਟ ਦੇ ਕਾਰੋਬਾਰੀ ਅਰਸ਼ ਸੱਚਰ ਬੀਤੇ ਦਿਨੀਂ ਨੂੰ ‘ਆਪ’ ਵਿੱਚ ਸ਼ਾਮਲ ਹੋ ਗਏ। ਉਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ’ਚ ਸ਼ਾਮਲ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਅਰਸ਼ ਸੱਚਰ ਦੇ ਫਰੀਦਕੋਟ ਵਿੱਚ ਹੋਟਲ ਸਮੇਤ ਹੋਰ ਕਾਰੋਬਾਰ ਹਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਹੋਣ ਦੇ ਨਾਲ-ਨਾਲ ਫਰੀਦਕੋਟ ਵਿੱਚ ਸਮਾਜਸੇਵਾ ਦੇ ਕੰਮਾਂ ’ਚ ਪੂਰੀ ਤਰਾਂ ਸਰਗਰਮ ਹਨ। ਜਿਕਰਯੋਗ ਹੈ ਕਿ ਅਰਸ਼ ਸੱਚਰ ਰਾਜਾ ਵੜਿੰਗ ਦੇ ਨਜਦੀਕੀ ਰਿਸ਼ਤੇਦਾਰ ਹਨ ਅਤੇ ਉਨਾਂ ਦੇ ਜਾਣ ਦਾ ਕਾਂਗਰਸ ’ਤੇ ਅਸਰ ਪਵੇਗਾ। ਅਰਸ਼ ਸੱਚਰ ਭਾਵੇਂ ਸਰਗਰਮ ਰਾਜਨੀਤੀ ’ਚ ਨਹੀਂ ਸਨ ਪਰ ਉਹ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਹਨ ਅਤੇ ਸਮਾਜਸੇਵਾ ਦੇ ਖੇਤਰ ’ਚ ਫਰੀਦਕੋਟ ਵਿੱਚ ਸਰਗਰਮ ਹਨ ਅਤੇ ਇੱਕ ਵੱਡਾ ਵਰਗ ਉਨਾਂ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਵਪਾਰੀ ਹੋਣ ਕਾਰਨ ਉਨਾਂ ਦੇ ਜਾਣ ਨਾਲ ਕਾਂਗਰਸ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਅਰਸ਼ ਸੱਚਰ ਨੇ ਆਖਿਆ ਕਿ ਉਹ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਦੇ ਲੋਕਾਂ ਲਈ ਕੀਤੇ ਜਾ ਰਹੇ ਲੋਕਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਅਰਸ਼ ਸੱਚਰ ਨੇ ਅੱਗੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਮਾਜਸੇਵਾ ਦੇ ਕੰਮਾਂ ’ਚ ਜੁੜੇ ਹੋਏ ਹਨ ਅਤੇ ਲੋਕਾਂ ਦੀ ਆਵਾਜ ਨੂੰ ਚੁੱਕਣਾ ਅਤੇ ਉਹਨਾਂ ਦੀ ਮੱਦਦ ਕਰਨਾ ਮੁੱਖ ਮੁੱਦਾ ਰਿਹਾ ਹੈ। ਉਹਨਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਮਹਿਜ 2 ਮਹੀਨਿਆਂ ਵਿੱਚ ਸੂਬੇ ਦੇ ਲੋਕਾਂ ਲਈ ਕ੍ਰਾਂਤੀਕਾਰੀ ਕੰਮ ਨੇਪਰੇ ਚਾੜ ਕੇ ਇਕ ਮੀਲ ਪੱਥਰ ਸਥਾਪਿਤ ਕੀਤਾ ਹੈ, ਜਿਸ ਦੀ ਦੇਸ਼-ਵਿਦੇਸ਼ ਵਿੱਚ ਭਰਪੂਰ ਪ੍ਰਸੰਸਾ ਹੋ ਰਹੀ ਹੈ।