ਮੋਹਾਲੀ, 17 ਮਈ (ਰਾਜ ਕੁਮਾਰ ਸਾਹੋਵਾਲੀਆ/ਵਰਲਡ ਪੰਜਾਬੀ ਟਾਈਮਜ਼)
ਕਵੀ ਮੰਚ ਮੋਹਾਲੀ ਦੇ ਪ੍ਰਧਾਨ ਸ੍ਰੀ ਭਗਤ ਰਾਮ ਰੰਗਾੜਾ ਦੀ ਪ੍ਰਧਾਨਗੀ ਹੇਠ ਸਭਾ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਮਿਤੀ 12.05.2024 ਨੂੰ ਮੋਹਾਲੀ ਵਿਖੇ ਕੀਤੀ ਗਈ ਜਿਸ ਵਿੱਚ ਕਵੀ ਮੰਚ (ਰਜਿ:) ਮੋਹਾਲੀ ਦੇ ਸਲਾਹਕਾਰ ਤੇ ਉੱਘੇ ਲੇਖਕ ਸ੍ਰ. ਅਜਮੇਰ ਸਿੰਘ ਸਾਗਰ ਦੀ ਇੱਕ ਸੜਕ ਹਾਦਸੇ ਵਿੱਚ ਵੇਵਕਤੀ ਹੋਈ ਮੌਤ ਦੇ ਗਹਿਰੇ ਸ਼ੋਕ ਦਾ ਪ੍ਰਗਟਾਵਾ ਕਰਦਿਆਂ, ਮੰਚ ਨੂੰ ਸ਼੍ਰੀ ਸਾਗਰ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਦੱਸਿਆ ਗਿਆ। ਜਿੱਥੇ ਇਸ ਦੁਖਦਾਈ ਮੌਕੇ ਤੇ ਪਰਿਵਾਰ ਨਾਲ ਖੜ੍ਹਨ ਦਾ ਪ੍ਰਣ ਕੀਤਾ ਗਿਆ ਉੱਥੇ ਉਹਨਾਂ ਦੀ ਸੋਚ ਨੂੰ ਜਿੰਦਾ ਰੱਖਣ ਲਈ ਮੰਚ ਵੱਲੋਂ ਭਵਿੱਖ ਵਿੱਚ ਉਪਰਾਲੇ ਕਰਨ ਦਾ ਵਾਅਦਾ ਵੀ ਕੀਤਾ ਗਿਆ। ਸਾਰੇ ਅਹੁਦੇਦਾਰਾਂ ਨੇ ਇੱਕ ਸੁਰ ਵਿੱਚ ਬੜੇ ਗਮਗੀਨ ਮਾਹੌਲ ਅੰਦਰ ਇਸ ਅਕਹਿ ਤੇ ਅਸਹਿ ਸਦਮੇ ਝਲਦਿਆਂ ਹੋਇਆਂ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਦੇਣ ਤੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਦੀ ਵਾਹਿਗੁਰੂ ਅੱਗੇ ਜੋਦੜੀ ਵੀ ਕੀਤੀ ਗਈ। ਇਸ ਮੌਕੇ ਧਿਆਨ ਸਿੰਘ ਕਾਹਲੋਂ ਵਿੱਤ ਸਕੱਤਰ, ਰਾਜ ਕੁਮਾਰ ਸਾਹੋਵਾਲੀਆ ਸਲਾਹਕਾਰ, ਸ੍ਰ. ਰਣਜੋਧ ਸਿੰਘ ਰਾਣਾ ਸੀਨੀਅਰ ਉਪ ਪ੍ਰਧਾਨ, ਸ੍ਰ. ਬਲਦੇਵ ਸਿੰਘ ਪ੍ਰਦੇਸੀ ਉਪ ਪ੍ਰਧਾਨ, ਹਰਦੀਪ ਸਿੰਘ ਲੌਂਗੀਆ, ਸ੍ਰ. ਜਗਪਾਲ ਸਿੰਘ IFS (ਰਿਟਾ.), ਅਮਰੀਕ ਸੇਠੀ, ਸੁਖਵੀਰ ਸਿੰਘ ਮੋਹਾਲੀ ਅਤੇ ਡਾ. ਹਰਨੇਕ ਸਿੰਘ ਕਲੇਰ, ਜਸਪਾਲ ਸਿੰਘ ਦੇਸੂਵੀ (ਕਨੈਡਾ ਤੋਂ ਫੋਨ ਰਾਹੀਂ) ਆਦਿ ਸ਼ਾਮਿਲ ਹੋਏ। ਉੱਘੇ ਗ਼ਜ਼ਲਗੋ ਤੇ ਲੇਖਕ ਸ਼੍ਰੀ ਸਿਰੀਰਾਮ ਅਰਸ਼ ਸਰਪ੍ਰਸਤ ਜੀ ਵੱਲੋਂ ਵੀ ਫੋਨ ਰਾਹੀਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਆਪਣੀ ਸੰਵੇਦਨਾ ਪ੍ਰਗਟ ਕੀਤੀ ਗਈ। ਉਨ੍ਹਾਂ ਦੇ ਸਸਕਾਰ ਤੇ ਭਾਰੀ ਗਿਣਤੀ ਵਿੱਚ ਸਾਹਿਤਕਾਰ, ਪੈਨਸ਼ਨਰਜ਼, ਰਿਸ਼ਤੇਦਾਰ ਅਤੇ ਹਿਤੈਸ਼ੀ ਸ਼ਾਮਲ ਸਨ।