
ਰੋਪੜ, 18 ਅਕਤੂਬਰ (ਗੁਰਬਿੰਦਰ ਸਿੰਘ ਰੋਮੀ/ ਵਰਲਡ ਪੰਜਾਬੀ ਟਾਈਮਜ਼): ਪਿਛਲੇ ਹਫ਼ਤੇ ਪੀ.ਸੀ.ਐੱਸ. ਜੁਡੀਸ਼ੀਅਲ ਦੇ ਨਤੀਜਿਆਂ ਵਿੱਚ ਆਮ ਪਰਿਵਾਰਾਂ ਵਿੱਚੋਂ ਜੱਜ ਬਣੇ ਉਮੀਦਵਾਰ ਖੂਬ ਚਰਚਾ ਵਿੱਚ ਹਨ। ਉਹਨਾਂ ਵਿੱਚੋਂ ਹੀ ਇੱਕ ਹੈ ਰੋਪੜ ਸ਼ਹਿਰ ਦੀ ਗ੍ਰੀਨ ਐਵਨਿਊ ਕਲੋਨੀ ਦੀ ਵਸਨੀਕ ਗਰਿਮਾ ਭਾਰਗਵ। ਜਿਨ੍ਹਾਂ ਬਾਰੇ ਪਤਾ ਲੱਗਣ ‘ਤੇ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਇਸੇ ਨੂੰ ਮੁੱਖ ਰੱਖਦਿਆਂ ਆਪਣੀਆਂ ਸਮਾਜ ਹਿੱਤ ਗਤੀਵਿਧੀਆਂ ਲਈ ਪ੍ਰਸਿੱਧ ਦਸ਼ਮੇਸ਼ ਯੂਥ ਕਲੱਬ ਨੇ ਜੱਜ ਸਾਹਿਬਾ ਦਾ ਅੱਜ ਉਚੇਚੇ ਤੌਰ ‘ਤੇ ਸਨਮਾਨ ਚਿੰਨ੍ਹ, ਗੁਲਦਸਤਿਆਂ ਤੇ ਹਾਰਾਂ ਨਾਲ਼ ਸਨਮਾਨ ਕੀਤਾ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਭਾਉਵਾਲ ਤੇ ਪਾਲ ਸਿੰਘ ਡੀ.ਐੱਸ.ਪੀ. ਨੇ ਆਪਣੀਆਂ ਸੰਖੇਪ ਤਕਰੀਰਾਂ ਵਿੱਚ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦਿੰਦਿਆਂ ਦੱਸਿਆ ਕਿ ਇਨ੍ਹਾਂ ਨੇ ਦਸਵੀਂ ਹੋਲੀ ਫੈਮਿਲੀ ਕਾਨਵੈਂਟ ਸਕੂਲ, ਬਾਹਰਵੀਂ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਅਤੇ ਗ੍ਰੈਜੁਏਸ਼ਨ ਇੰਸਟੀਚਿਊਟ ਆਫ਼ ਲੀਗਲ ਸਟਡੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇਸ ਮਾਣਮੱਤੀ ਪ੍ਰਾਪਤੀ ਲਈ ਉਨ੍ਹਾਂ ਦੀ ਆਪਣੀ ਸਖਤ ਮਿਹਨਤ ਤੋਂ ਇਲਾਵਾ ਇਨ੍ਹਾਂ ਦੀ ਮਾਤਾ ਦੇ ਸਿਰੜ, ਸਿਦਕ ਤੇ ਦੂਰ-ਅੰਦੇਸ਼ੀ ਦਾ ਅਹਿਮ ਯੋਗਦਾਨ ਹੈ। ਇਸ ਮੌਕੇ ਬੰਤ ਸਿੰਘ ਨਾਗਰਾ, ਬਾਬਾ ਤਰਲੋਕ ਸਿੰਘ, ਜਸਵੀਰ ਸਿੰਘ, ਉਪਕਾਰ ਸਿੰਘ, ਜਸਵੰਤ ਸਿੰਘ, ਗੁਰਮੀਤ ਰਿੰਕੂ ਐੱਮ.ਸੀ., ਦਿਲਬਾਗ ਸਿੰਘ ਕਲੋਨੀ ਪ੍ਰਧਾਨ, ਕਰਨੈਲ ਸਿੰਘ, ਅਮਰੀਕ ਸਿੰਘ, ਨਰਿੰਦਰ ਸਿੰਘ, ਕੁਲਵੀਰ ਸਿੰਘ, ਚਮਕੌਰ ਸਿੰਘ, ਰਵਿੰਦਰ ਸਿੰਘ ਪਨੇਸਰ, ਲਕਸ਼ਮੀ ਚੰਦੇਲ ਐਡਵੋਕੇਟ, ਅਮਨੀਤ ਸਿੰਘ, ਪਰਮਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਜਗਪਾਲ ਸਿੰਘ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ।