ਲੁਧਿਆਣਾ 27 ਮਈ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਦੇ ਵਿਹੜੇ ਡਾ: ਪ੍ਰਮਿੰਦਰ ਸਿੰਘ ਹਾਲ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਡਾ: ਗੁਰਚਰਨ ਕੌਰ ਕੋਚਰ ਨੇ ਕੀਤੀ। ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਦਿਨੀਂ ਆਕਾਲ ਚਲਾਣਾ ਕਰ ਗਏ ਪਦਮਸ਼੍ਰੀ ਡਾ. ਸੁਰਜੀਤ ਪਾਤਰ ਜੀ ਨੂੰ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਅਰਪਿਤ ਕੀਤੀ ਗਈ। ਸ਼ੋਕ ਸਭਾ ਦੇ ਰੂਪ ਵਿੱਚ ਕੀਤੀ ਮੀਟਿੰਗ ਦਾ ਸਾਰੇ ਦਾ ਸਾਰਾ ਸਮਾਂ ਡਾਕਟਰ ਸੁਰਜੀਤ ਪਾਤਰ ਜੀ ਦੀਆਂ ਨਿੱਘੀਆਂ ਯਾਦਾਂ ਅਤੇ ਉਨ੍ਹਾਂ ਦੀਆਂ ਕਵਿਤਾਵਾਂ, ਗ਼ਜ਼ਲਾਂ, ਨਜ਼ਮਾਂ ਅਤੇ ਗੀਤਾਂ ‘ਤੇ ਹੀ ਕੇਂਦਰਤ ਰਿਹਾ। ਸ਼ੁਰੂ ਵਿੱਚ ਡਾ:ਕੋਚਰ ਨੇ ਪਾਤਰ ਜੀ ਦੇ ਵਿਛੋੜੇ ਨੂੰ ਨਾਂ ਸਹਿਣ ਯੋਗ ਸਾਹਿਤ ਜਗਤ ਵਿੱਚ ਇੱਕ ਵੱਡਾ ਖਲਾਅ ਦੱਸਿਆ ਜੋ ਕਦੇ ਨਹੀਂ ਪੂਰਿਆ ਜਾ ਸਕਦਾ। , ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਤਰ ਸਾਹਿਬ ਦੇ ਸਦੁ ਵਿਛੋੜੇ ਕਾਰਨ ਇਕ ਯੁੱਗ ਦਾ ਅੰਤ ਹੋ ਗਿਆ ਹੈ। ਭਰੇ ਮਨ ਨਾਲ ਉਨ੍ਹਾਂ ਨੇ ਪਾਤਰ ਸਾਹਿਬ ਨਾਲ ਜੁੜੀਆਂ ਯਾਦਾਂ ਦੇ ਨਾਲ ਨਾਲ ਪਾਤਰ ਜੀ ਦੀਆਂ ਕੁੱਝ ਨਜ਼ਮਾਂ ਵੀ ਬੋਲ ਕੇ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ।
ਉੱਘੀ ਕਹਾਣੀਕਾਰਾ ਇੰਦਰਜੀਤ ਪਲ ਕੌਰ ਨੇ ਉਹਨਾਂ ਦੇ ਅਚਨਚੇਤ ਵਿਛੋੜੇ ਦਾ ਡੂੰਘੇ ਦੁੱਖ ਨਾਲ ਪ੍ਰਗਟਾਵਾ ਕੀਤਾ ਤੇ ਉਹਨਾਂ ਦੇ ਨਿੱਘੇ ਸੁਭਾਓ ਅਤੇ ਹਲੀਮੀ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਦੇ ਚਲੇ ਜਾਣ ਤੇ ਸਾਹਿਤ ਨੂੰ ਵੱਡੀ ਘਾਟ ਰੜਕੇਗੀ। ਰੰਗਮੰਚ ਰੰਗ ਨਗਰੀ ਦੇ ਸੰਸਥਾਪਕ ਤੇ ਉੱਘੇ ਨਾਟਕਕਾਰ ਤਰਲੋਚਨ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਪਾਤਰ ਜੀ ਸਾਹਿਤਕ ਸੋਚ ਅਤੇ ਸਮਝ ਦੀ ਸ਼ਬਦ ਰੂਪੀ ਇੱਕ ਵੱਡੀ ਟਕਸਾਲ ਸਨ। ਉੱਘੇ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਸ਼ਰਧਾਂਜਲੀ ਸ਼ਬਦ ਬੋਲਦੇ ਹੋਏ ਕਿਹਾ ਕਿ ਪਾਤਰ ਸਾਹਿਬ ਕਿਤੇ ਨਹੀਂ ਗਏ, ਉਹ ਸ਼ਬਦਾਂ ਦੇ ਰੂਪ ਵਿੱਚ ਹਮੇਸ਼ਾ ਸਾਡੇ ਵਿੱਚ ਰਹਿਣਗੇ। ਸਾਹਿਤ ਅਕਾਦਮੀ ਦੇ ਦਫਤਰ ਇੰਚਾਰਜ ਤੇ ਉੱਘੀ ਕਹਾਣੀਕਾਰਾ ਸੁਰਿੰਦਰ ਦੀਪ ਕੌਰ ਨੇ ਬੋਲਦੇ ਕਿਹਾ ਕਿ ਪਾਤਰ ਜੀ ਵਰਗੀ ਸ਼ਖਸੀਅਤ ਦਾ ਵਿਛੋੜਾ ਨਾਂ ਸਹਿਣ ਯੋਗ ਹੈ ਜੋ ਕਦੇ ਪੂਰਾ ਨਹੀਂ ਹੋਵੇਗਾ। ਹਰਦੇਵ ਸਿੰਘ ਕਲਸੀ ਨੇ ਦੁੱਖ ਭਰੀ ਕਵਿਤਾ ਰਾਹੀਂ ਪਾਤਰ ਜੀ ਨੂੰ ਯਾਦ ਕੀਤਾ, ਪਰਮਜੀਤ ਕੌਰ ਮਹਿਕ ਅਤੇ ਜ਼ੋਰਾਵਰ ਸਿੰਘ ਪੰਛੀ ਨੇ ਇੱਕ ਵੈਰਾਗ ਮਈ ਕਵਿਤਾ ਪੜ੍ਹ ਕੇ ਪਾਤਰ ਜੀ ਸ਼ਰਧਾਜਲੀ ਦਿੱਤੀ। ਗੁਰਸ਼ਰਨ ਸਿੰਘ ਨਰੂਲਾ ਜੀ ਨੇ ਉਹਨਾਂ ਨਾਲ ਬਿਤਾਏ ਸਾਹਿਤਕ ਪਲਾਂ ਨੂੰ ਯਾਦ ਕੀਤਾ, ਕਵਿਤਰੀ ਸਿਮਰਨ ਕੌਰ ਧੁੱਗਾ ਨੇ ਕਵਿਤਾ ਸ਼ਾਇਰ ਪੇਸ਼ ਕਰਕੇ ਪਾਤਰ ਸਾਹਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ, ਉੱਘੀ ਸ਼ਾਇਰਾ ਇੰਦਰਜੀਤ ਕੌਰ ਲੋਟੇ ਨੇ “ਇਹ ਕੀ ਹੋਇਆ” ਦੁੱਖ ਭਰੀ ਕਵਿਤਾ ਪੇਸ਼ ਕੀਤੀ, ਸ਼ਾਇਰ ਮਨਜਿੰਦਰ ਸਿੰਘ ਨੇ ਵੀ ਕਵਿਤਾ ਰਾਹੀਂ ਪਾਤਰ ਜੀ ਨੂੰ ਯਾਦ ਕੀਤਾ। ਗੀਤਕਾਰ ਤੇ ਗਾਇਕ ਅਮਰਜੀਤ ਸ਼ੇਰਪੁਰੀ ਨੇ ਜੋ ਸਭਾ ਦੇ ਜਨਰਲ ਸੈਕਟਰੀ ਵੀ ਹਨ ਨੇ ਜਿੱਥੇ ਮੰਚ ਸੰਚਾਲਣ ਦੀ ਜੁੰਮੇਵਾਰੀ ਬਾ- ਖ਼ੂਬੀ ਨਿਭਾਈ ਉੱਥੇ ਵੈਰਾਗ ਮਈ ਕਵਿਤਾ “ਹੋਣੀ ਜੋ ਚਾਤਰ ਛਾਤਰ ਨੇ ਪਾਤਰ ਜੀ ਸਾਥੋਂ ਖੋਹ ਲਿਆ ਏ” ਗਾ ਕੇ ਪਾਤਰ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਅੰਤ ਵਿੱਚ ਪ੍ਰਧਾਨ ਡਾ:ਕੋਚਰ ਨੇ ਆਏ ਸਭਨਾਂ ਦਾ ਸ਼ਾਮਿਲ ਹੋਣ ਤੇ ਅਤਿ ਧੰਨਵਾਦ ਕੀਤਾ।