ਪੰਛੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਦੀ ਕਰੀਏ ਕੋਸ਼ਿਸ਼ : ਪ੍ਰਿੰਸੀਪਲ ਧਵਨ ਕੁਮਾਰ
ਕੋਟਕਪੂਰਾ, 28 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੁਦਰਤ ਵਿੱਚ ਦਿਨ-ਬ-ਦਿਨ ਹੁੰਦੇ ਬਦਲਾਵ ਕਾਰਨ ਸਾਡੇ ਜਨਜੀਵਨ ਉੱਤੇ ਤਾਂ ਪ੍ਰਭਾਵ ਪੈਂਦਾ ਹੀ ਹੈ ਨਾਲ ਹੀ ਸਾਡੇ ਪੰਛੀਆਂ ‘ਤੇ ਵੀ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ। ਪੰਛੀਆਂ ਦੇ ਅਲੋਪ ਹੋਣ ਦੀ ਚਿੰਤਾ ਪ੍ਰਗਟ ਕਰਦੇ ਹੋਏ ਇਲਾਕੇ ਦੀ ਨਾਮਵਰ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵੱਲੋਂ ਪੰਛੀਆਂ ਦੇ ਰਹਿਣ ਬਸੇਰੇ ਲਈ ਇੱਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ ਹੈl ਬੀਤੇ ਦਿਨੀਂ ਐਸ.ਬੀ. ਆਰ. ਐਸ. ਗੁਰੂਕੁਲ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਸ੍ਰੀ ਧਵਨ ਕੁਮਾਰ ਜੀ ਵੱਲੋਂ *ਰੈਣ-ਬਸੇਰਾ* ਪ੍ਰੋਜੈਕਟ ਨੂੰ ਲੌਂਚ ਕੀਤਾ ਗਿਆ, ਜਿਸ ਦਾ ਸਿਹਰਾ ਸਟਾਫ਼ ਮੈਂਬਰ ਹਰਪ੍ਰੀਤ ਸਿੰਘ ਦੇ ਸਿਰ ਬੱਝਦਾ ਹੈl ਹਰਪ੍ਰੀਤ ਸਿੰਘ ਜੀ ਰੈਣ ਬਸੇਰਾ ਟੀਮ ਮੋਗਾ ਦੇ ਮੋਹਰੀ ਮੈਂਬਰ ਵਜੋਂ ਇਹ ਨੇਕ ਕੰਮ ਕਰ ਰਹੇ ਹਨl ਉਹਨਾਂ ਦੀ ਟੀਮ ਵਿੱਚ ਸ਼ਾਮਿਲ ਹੁੰਦਿਆਂ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧਵਨ ਕੁਮਾਰ ਨੇ ਹਰਪ੍ਰੀਤ ਸਿੰਘ ਨੂੰ ਇਸ ਨੇਕ ਕੰਮ ਲਈ ਜਿੱਥੇ ਉਹਨਾਂ ਦੀ ਵਡਿਆਈ ਕੀਤੀ ਉੱਥੇ ਹੀ ਸ਼੍ਰੀ ਧਵਨ ਕੁਮਾਰ ਜੀ ਨੇ ਕਿਹਾ ਕਿ ਪੰਛੀ ਵੀ ਕੁਦਰਤ ਦਾ ਹਿੱਸਾ ਹਨ, ਉਹਨਾਂ ਦੀ ਹੋਂਦ ਵੀ ਇਸ ਧਰਤੀ ਉੱਤੇ ਉਨ੍ਹੀ ਹੀ ਜ਼ਰੂਰੀ ਹੈ, ਜਿੰਨੀ ਕਿ ਮਨੁੱਖ ਦੀl ਉਹਨਾਂ ਕਿਹਾ ਕਿ ਸਾਨੂੰ ਸਭਨਾਂ ਨੂੰ ਅਲੋਪ ਹੋ ਰਹੇ ਪੰਛੀਆਂ ਨੂੰ ਬਚਾਉਣ ਲਈ ਸੰਭਵ ਯਤਨ ਕਰਨੇ ਚਾਹੀਦੇ ਹਨ l ਇਸ ਦੌਰਾਨ ਸਮੂਹ ਸਟਾਫ਼ ਨਾਲ਼ ਇਸ ਪ੍ਰੋਜੈਕਟ ਬਾਰੇ ਚਰਚਾ ਕਰਦੇ ਹੋਏ ਜਿੱਥੇ ਪ੍ਰਿੰਸੀਪਲ ਧਵਨ ਕੁਮਾਰ ਨੇ ਸਕੂਲ ਦੇ ਸਮੂਹ ਅਧਿਆਪਕ ਸਾਹਿਬਾਨ ਨੂੰ ਇਸ ਨੇਕ ਕੰਮ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਉੱਥੇ ਹੀ ਮਾਪਿਆਂ ਤੱਕ ਇਹ ਸੁਨੇਹਾ ਪੁਹੰਚਦਾ ਕੀਤਾ ਕਿ ਮਾਪਿਆਂ ਵੱਲੋਂ ਘਰ ਵਿੱਚ ਰੱਖੇ ਕਿਸੇ ਵੀ ਖੁਸ਼ੀ ਅਤੇ ਗਮੀ ਦੇ ਸਮਾਗਮਾਂ ਉੱਤੇ ਦਾਨ ਦੇ ਰੂਪ ਵਿੱਚ ਪੰਛੀਆਂ ਦੇ ਰਹਿਣ ਬਸੇਰੇ ਲਈ ਇਹ ਆਲ੍ਹਣੇ ਪੰਛੀਆਂ ਲਈ ਵਧੀਆ ਤੋਹਫ਼ੇ ਸਾਬਿਤ ਹੋ ਸਕਦੇ ਹਨl ਮਾਪਿਆਂ ਦੁਆਰਾ ਇਸ ਪ੍ਰੋਜੈਕਟ ਦਾ ਪੂਰਾ ਸਮਰਥਨ ਕੀਤਾ ਗਿਆ ਅਤੇ ਸਾਕਾਰਾਤਮਕ ਹੁੰਗਾਰਾ ਭਰਦੇ ਹੋਏ ਉਹਨਾਂ ਕਿਹਾ ਕਿ ਸਾਡੀ ਸਭਨਾਂ ਦੀ ਅਜਿਹੀ ਕੋਸ਼ਿਸ਼ ਅਲੋਪ ਹੋ ਰਹੇ ਪੰਛੀਆਂ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਿਯੋਗ ਦੇਵੇਗੀl