ਐਸਐਸਪੀ ਬਠਿੰਡਾ ਤੇ ਮੁੱਖ ਮੰਤਰੀ ਨੂੰ ਕੀਤੀ ਸ਼ਿਕਾਇਤ
ਬਠਿੰਡਾ,29 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਕਲਯੁਗ ਦੇ ਇਸ ਸਮੇਂ ਵਿੱਚ ਲਾਲਚ ਰਿਸ਼ਤਿਆਂ ਤੇ ਕਿਸ ਤਰ੍ਹਾਂ ਭਾਰੂ ਹੁੰਦਾ ਜਾ ਰਿਹਾ ਹੈ ਇਸ ਦੀਆਂ ਖਬਰਾਂ ਆਏ ਦਿਨ ਅਖਬਾਰਾਂ ਦੀ ਸੁਰਖੀ ਬਣਦੀਆਂ ਹੀ ਰਹਿੰਦੀਆਂ ਹਨ। ਇਨਸਾਨ ਤੇ ਜਦੋਂ ਲਾਲਚ ਭਾਰੂ ਹੁੰਦਾ ਹੈ ਤਾਂ ਉਹ ਖੂਨ ਦੇ ਰਿਸ਼ਤਿਆਂ ਨੂੰ ਭੁੱਲਣ ਲੱਗਿਆ ਇੱਕ ਪਲ ਵੀ ਨਹੀਂ ਲਾਉਂਦਾ।
ਕੁਝ ਐਸਾ ਹੀ ਮਾਮਲਾ ਬਠਿੰਡਾ ਤੋਂ ਥੋੜੀ ਦੂਰ ਪੈਂਦੇ ਕਸਬਾ ਲਹਿਰਾ ਮੁਹੱਬਤ ਤੋਂ ਸਾਹਮਣੇ ਆਇਆ ਹੈ।
ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਰਿੰਦਰ ਕੌਰ ਪਤਨੀ ਹਰਦੀਪ ਸਿੰਘ ਲਹਿਰਾ ਮੁਹੱਬਤ ਨੇ ਆਪਣੇ ਜੇਠ ਬਲਵੀਰ ਸਿੰਘ ਲਾਈਨਮੈਨ ‘ਤੇ ਦੋਸ਼ ਲਾਏ ਹਨ ਕਿ ਉਹ ਆਪਣੇ ਸੀਸੀਟੀਵੀ ਕੈਮਰੇ ਵਿੱਚ ਉਹਨਾਂ ਦੀ ਫੋਟੋ ਨੂੰ ਕੈਦ ਕਰਕੇ ਇਸ ਤੋਂ ਬਾਅਦ ਵੱਖ-ਵੱਖ ਗਰੁੱਪਾਂ ਤੇ ਰਿਸ਼ਤੇਦਾਰੀਆਂ ਵਿੱਚ ਵਾਇਰਲ ਕਰ ਰਹੇ ਹਨ, ਜਿਸ ਕਰਕੇ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚ ਰਹੀ ਹੈ। ਰਿਸ਼ਤੇਦਾਰੀਆਂ ਵਿੱਚ ਉਸ ਨੂੰ ਪੂਰੀ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ।ਸੁਰਿੰਦਰ ਕੌਰ ਦੇ ਪਤੀ ਹਰਦੀਪ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਦਾ ਇਹ ਪਹਿਲਾਂ ਮਾਮਲਾ ਨਹੀਂ ਇਸ ਤੋਂ ਪਹਿਲਾਂ ਉਸ ਨੇ ਮੇਰੀ ਜਮੀਨ ਤੇ ਪਿਛਲੇ ਲੰਮੇ ਸਮੇਂ ਤੋਂ ਪਾਣੀ ਨਹੀਂ ਲੱਗਣ ਦਿੱਤਾ, ਜਿਸ ਕਰਕੇ ਫਸਲ ਬਿਲਕੁਲ ਨਹੀਂ ਹੋ ਰਹੀ ਤੇ ਦੂਜੇ ਪਾਸੇ ਪਿਛਲੇ ਦਿਨੀਂ ਉਸ ਦੇ ਦੂਜੇ ਖੇਤ ਵਿੱਚ ਕੁਝ ਗ਼ਲਤ ਅਨਸਰਾਂ ਵੱਲੋਂ ਬਲਵੀਰ ਸਿੰਘ ਦੀ ਸ਼ਹਿ ਤੇ ਧੱਕੇ ਨਾਲ ਪਾਣੀ ਵਾਲੀ ਮੋਟਰ ਨੂੰ ਲਾਇਆ ਗਿਆ ਤੇ ਜਦੋਂ ਉਹ ਖੇਤ ਪਹੁੰਚਿਆ ਤਾਂ ਉਸ ਤੇ ਕਈ ਲੋਕਾਂ ਵੱਲੋਂ ਲੋਹੇ ਦੀਆਂ ਰਾਡਾਂ ਆਦਿ ਨਾਲ ਹਮਲਾ ਕੀਤਾ ਗਿਆ, ਮੇਰੀ ਸਿਰੀ ਸਾਹਿਬ(ਸਿੱਖ ਧਰਮ ਨਾਲ ਸਬੰਧਤ ਇੱਕ ਚਿੰਨ) ਤੇ ਦਸਤਾਰ ਦੀ ਬੇਅਦਬੀ ਕੀਤੀ,ਜਿਸ ਦੀ ਸ਼ਿਕਾਇਤ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਨੂੰ ਲਿਖਤੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ।ਇਸ ਸਬੰਧੀ ਭਾਵੇਂ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਕਾਰਵਾਈ ਅੱਗੇ ਨਹੀਂ ਵਧੀ। ਉਹਨਾਂ ਕਿਹਾ ਕਿ ਬਲਵੀਰ ਸਿੰਘ ਨੇ ਬਿਜਲੀ ਮਹਿਕਮੇ ਵਿੱਚ ਲਹਿਰਾ ਮੁਹੱਬਤ ਤੇ ਆਸ ਪਾਸ ਦੇ ਅਨੇਕਾਂ ਲੋਕਾਂ ਨੂੰ ਜਾਅਲੀ ਕਨੈਕਸ਼ਨ ਦਿੱਤੇ ਹਨ, ਇਸ ਕਰਕੇ ਕਰੋੜਾਂ ਰੁਪਏ ਦਾ ਗਬਨ ਕੀਤਾ ਹੈ। ਇਸ ਸਬੰਧੀ ਜਦੋਂ ਬਲਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸੁਰਿੰਦਰ ਕੌਰ ਤੇ ਇਸ ਦੇ ਘਰ ਵਾਲਾ ਹਰਦੀਪ ਸਿੰਘ ਉਹਨਾਂ ਦੇ ਘਰ ਕੋਲ ਆ ਕੇ ਗਾਲਾ ਕੱਢਦੇ ਹਨ।ਜਮੀਨ ਵਿੱਚ ਪਾਣੀ ਨਾ ਛੱਡਣ ਸਬੰਧੀ ਉਹਨਾਂ ਕਿਹਾ ਕਿ ਮੇਰੀ ਖੁਦ ਦੀ ਮੂੰਗੀ ਹਰਦੀਪ ਸਿੰਘ ਕਰਕੇ ਸੁੱਕ ਗਈ ਹੈ। ਹੁਣ ਪੁਲਿਸ ਆਪਣੀ ਤਫਤੀਸ਼ ਵਿੱਚ ਕਿਸ ਨੂੰ ਦੋਸ਼ੀ ਬਣਾਉਂਦੀ ਹੈ ਤੇ ਕਿਸ ਨੂੰ ਕਲੀਨ ਚਿਟ ਦਿੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ।