ਰੈਲੀ ਦੌਰਾਨ ਲੋਕਾਂ ਵੱਲੋਂ ਭਾਜਪਾ ਨੂੰ ਵੋਟਾਂ ਨਾ ਪਾਉਣ ਦਾ ਕੀਤਾ ਐਲਾਨ

ਕੋਟਕਪੂਰਾ, 29 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਿੰਡਾਂ ਵਿੱਚ ‘ਭਾਜਪਾ ਭਜਾਓ ਭਾਜਪਾ ਹਰਾਓ’ ਦਾ ਨਾਅਰਾ ਦੇ ਕੇ ਪਿੰਡਾਂ ’ਚ ਜਾਗਰੂਕਤਾ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਅੱਜ ਪਿੰਡ ਢਿੱਲਵਾਂ ਕਲਾਂ ਅਤੇ ਕੋਠੇ ਹਜੂਰਾ ਸਿੰਘ ਵਾਲਾ ’ਚ ਰੈਲੀ ਕੀਤੀ ਗਈ, ਜਿਸ ’ਚ ਵੱਡੀ ਗਿਣਤੀ ਲੋਕ ਸ਼ਾਮਿਲ ਹੋਏ। ਪਿੰਡ ਢਿੱਲਵਾਂ ਕਲਾਂ ਵਿੱਚ ਇਕਠੇ ਹੋਏ ਲੋਕਾਂ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਰਾਜਿੰਦਰ ਢਿੱਲਵਾਂ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਜਪਾ ਲੋਕ ਪੱਖੀ ਹੋਣ ਦਾ ਨਾਟਕ ਕਰਕੇ ਪਿਛਲੇ 10 ਸਾਲ ਤੋਂ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਰਾਜਿੰਦਰ ਨੇ ਕਿਹਾ ਕੇ ਮੌਜੂਦਾ ਸਮੇਂ ਦੀਆਂ ਲੋਕ ਸਭਾ ਚੋਣਾਂ ਕੋਈ ਆਮ ਚੋਣਾਂ ਨਹੀਂ ਹਨ। ਭਾਜਪਾ ਇਹ ਚੋਣਾਂ ਜਿੱਤ ਕੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਵੱਲ ਵੱਧ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਇਸ ਦੇਸ਼ ਦਾ ਸੰਵਿਧਾਨ ਬਦਲ ਕੇ ਇੱਥੇ ਮਨੁਸਮਿ੍ਰਤੀ ਲਾਗੂ ਕਰਨਾ ਚਾਹੁੰਦੀ ਹੈ। ਮਨੁ ਸਮਿ੍ਰਤੀ ਜੋ ਕਹਿੰਦੀ ਹੈ ਕਿ ਦਲਿਤਾਂ ਅਤੇ ਔਰਤਾਂ ਨੂੰ ਕੁੱਟ ਕੇ ਰੱਖਣਾ ਚਾਹੀਦਾ ਹੈ।ਭਾਜਪਾ, ਆਰ.ਐਸ.ਐਸ. ਇੱਥੇ ਵਰਨ ਵਿਵਸਥਾ ਲਾਗੂ ਕਰਨਾ ਚਾਹੁੰਦੀ ਹੈ। ਜਿਸ ਵਿੱਚ ਹਜਾਰਾ ਸਾਲ ਪੁਰਾਣਾ ਸਮਾਜਿਕ ਪ੍ਰਬੰਧ ਹੋਵੇ। ਬੰਦੇ ਚਾਰ ਤਰਾਂ ਦੇ ਹੋਣ ਤੇ ਪੜਨ ਲਿਖਣ ਦਾ ਅਧਿਕਾਰ ਸਿਰਫ ਬ੍ਰਾਹਮਣ ਲੋਕਾਂ ਨੂੰ ਹੋਵੇ। ਪੰਜਾਬ ਸਟੂਡੈਟਸ ਯੂਨੀਅਨ ਦੇ ਆਗੂ ਹਰਵੀਰ ਗੰਧਰ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਹੰਸ ਰਾਜ ਹੰਸ ਮਜਦੂਰ ਪੱਖੀ ਹੋਣ ਦਾ ਢੋਂਗ ਕਰਕੇ ਆਪਣੇ ਭਾਸ਼ਣ ਰਾਹੀਂ ਮਜਦੂਰਾਂ ਅਤੇ ਕਿਸਾਨਾਂ ’ਚ ਲੜਾਈ ਬਣਾਉਣਾ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਹਰਵੀਰ ਨੇ ਕਿਹਾ ਕਿ ਕੇ ਹੰਸ ਰਾਜ ਜੇਕਰ ਐਨਾ ਹੀ ਮਜਦੂਰ ਪੱਖੀ ਹੁੰਦਾ ਤਾਂ ਮਜਦੂਰ ਲੀਡਰ ਬਿੱਕਰ ਹਥੋਆ ਨੂੰ ਆਪਣੀ ਗੱਡੀ ਨਾਲ ਫੇਟ ਮਾਰ ਕੇ ਸਿੱਟ ਕੇ ਨਾ ਜਾਂਦਾ। ਜਸਨੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਹੰਸ ਰਾਜ, ਜਿਸ ਪਾਰਟੀ ਦਾ ਨੁਮਾਇੰਦਾ ਹੈ, ਉਸ ਪਾਰਟੀ ਨੇ ਮਜਦੂਰ ਵਿਰੋਧੀ ਚਾਰ ਲੇਬਰ ਕੋਡ ਪਾਸ ਕੀਤੇ ਹਨ, ਜਿੰਨਾ ਕਰਕੇ ਹੁਣ ਮਜਦੂਰਾਂ ਦੀ ਅੱਠ ਘੰਟੇ ਦੀ ਦਿਹਾੜੀ 12 ਘੰਟੇ ਦੀ ਹੋ ਗਈ ਹੈ। ਮਜਦੂਰ ਹੁਣ ਆਪਣੀ ਯੂਨੀਅਨ ਬਣਾ ਕੇ ਆਪਣੇ ਹੱਕਾਂ ਲਈ ਲੜ ਨਹੀਂ ਸਕਦੇ। ਯੂਨੀਅਨ ਆਗੂ ਨੇ ਕਿਹਾ ਕਿ ਮਜਦੂਰਾ ਦੇ ਬੱਚੇ ਜਿੰਨਾਂ ਸਰਕਾਰੀ ਸਕੂਲ ਕਾਲਜਾਂ ’ਚ ਪੜਦੇ ਹਨ ਭਾਜਪਾ ਨੇ ਨਵੀਂ ਸਿੱਖਿਆ ਨੀਤੀ ਲਿਆ ਕਿ ਉਹ ਸਰਕਾਰੀ ਸਕੂਲ ਕਾਲਜਾਂ ਨੂੰ ਬੰਦ ਕਰਨ ਦਾ ਪ੍ਰਬੰਧ ਕਰ ਲਿਆ ਹੈ। ਉਹਨਾਂ ਕਿਹਾ ਕਿ ਭਾਜਪਾ ਮਜਦੂਰ ਵਿਰੋਧੀ ਨੀਤੀਆਂ ਪਾਸ ਕਰਕੇ ਮਜਦੂਰਾ ਦਾ ਭਲਾ ਕਰਨ ਦੀ ਜੁਮਲੇਬਾਜੀ ਕਰ ਰਹੀ ਹੈ। ਪਿੰਡਾਂ ਦੇ ਲੋਕਾਂ ਨੇ ਬੀ.ਜੇ.ਪੀ. ਖਿਲਾਫ ਨਾਅਰੇਬਾਜੀ ਕੀਤੀ ਅਤੇ ਐਲਾਨ ਕੀਤਾ ਕਿ ਉਹ ਭਾਜਪਾ ਦੀ ਫੁੱਟ ਪਾਊ ਰਾਜਨੀਤੀ ’ਚ ਨਹੀਂ ਆਉਣਗੇ ਅਤੇ ਹੰਸ ਰਾਜ ਹੰਸ ਨੂੰ ਕੋਈ ਵੀ ਵੋਟ ਨਹੀਂ ਪਾਉਣਗੇ।