ਬਠਿੰਡਾ, 2 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮੌਕੇ ਸਥਾਨਕ ਗੁਰੂ ਨਾਨਕ ਪੁਰਾ ਵਿਖੇ ਇਲਾਕਾ ਨਿਵਾਸੀਆਂ ਨੂੰ ਨਸ਼ਿਆਂ ਦੇ ਸੇਵਨ ਨਾਲ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਦੀਵਾਰ ਤੇ ਸਲੋਗਨ ਲਿਖਵਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਵਲੰਟੀਅਰ ਅੰਕਿਤਾ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ ਹਰ ਸਾਲ 80 ਲੱਖ ਲੋਕ ਤੰਬਾਕੂ ਦੇ ਸੇਵਨ ਕਰਨ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਮਰ ਰਹੇ ਹਨ। ਉਨਾਂ ਕਿਹਾ ਕਿ ਇਕੱਲੇ ਤੰਬਾਕੂ ਦਾ ਹੀ ਵੱਡੀ ਤਾਦਾਦ ਵਿਚ ਨਸ਼ੇ ਦੇ ਤੌਰ ਤੇ ਸੇਵਨ ਕੀਤਾ ਜਾਂਦਾ ਹੈ। ਮੂੰਹ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਦਾ ਸੇਵਨ ਹੈ। ਤੰਬਾਕੂ ਦੇ ਸੇਵਨ ਨਾਲ ਇਕੱਲੇ ਤੰਬਾਕੂ ਦਾ ਸੇਵਨ ਕਰਨ ਵਾਲੇ ਨੂੰ ਹੀ ਨੁਕਸਾਨ ਨਹੀਂ ਹੁੰਦਾ ਸਗੋਂ ਆਸ ਪਾਸ ਦੇ ਲੋਕ ਵੀ ਇਸ ਨਾਲ ਪ੍ਰਭਾਵਿਤ ਹੁੰਦੇ ਹਨ। ਉਹਨਾਂ ਕਿਹਾ ਕਿ ਨਸ਼ੇ ਦੇ ਸੇਵਨ ਕਾਰਨ ਇਕੱਲੇ ਪੈਸੇ ਦੀ ਹੀ ਬਰਬਾਦੀ ਨਹੀਂ ਸਗੋਂ ਕਈ ਪਰਿਵਾਰ ਅਤੇ ਜ਼ਿੰਦਗੀਆਂ ਇਸ ਕਾਰਨ ਬਰਬਾਦ ਹੋ ਜਾਂਦੀਆਂ ਹਨ। ਉਨਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਨੇ ਇਸ ਨੇਕ ਕਾਰਜ ਲਈ ਯੂਥ ਵਲੰਟੀਅਰਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਮੌਕੇ ਸੁਨੀਤਾ, ਆਰਤੀ ਅਤੇ ਹੋਰ ਯੂਥ ਵਲੰਟੀਅਰਾਂ ਹਾਜਰ ਸਨ।