ਕੋਟਕਪੂਰਾ, 3 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਾਰੇ ਹਲਕੇ ਦੀਆਂ ਈ.ਵੀ.ਐਮ ਮਸੀਨਾਂ ਨਿਰਦੇਸ਼ਾਂ ਅਨੁਸਾਰ ਲਗਾਤਾਰ ਸੀ.ਸੀ.ਟੀ.ਵੀ ਕੈਮਰੇ ਦੀ ਨਿਗਰਾਨੀ ਹੇਠ ਅਤੇ ਜੀ.ਪੀ.ਐਸ ਇਨੇਬਲਡ ਗੱਡੀਆਂ, ਕੇਂਦਰੀ ਸੁਰੱਖਿਆ ਬਲਾਂ, ਪੰਜਾਬ ਪੁਲਿਸ ਦੀਆਂ ਟੁਕੜੀਆਂ ਦੀ ਮੌਜੂਦਗੀ ਹੇਠ ਕੜੀ ਸੁਰੱਖਿਆ ’ਚ ਹਨ। ਐਸਡੀਐਮ ਗਿੱਦੜਬਾਹਾ ਅਜੀਤਪਾਲ ਨੇ ਇਸ ਸਬੰਧੀ ਫੈਲਾਈ ਜਾ ਰਹੀ ਖਬਰ ਦਾ ਮੁਕੰਮਲ ਤੌਰ ’ਤੇ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਸਾਰੀਆਂ ਈ.ਵੀ.ਐਮ ਮਸੀਨਾਂ ਕੜੀ ਸੁਰੱਖਿਆ ਤਹਿਤ ਚੋਣ ਕਮਿਸਨ ਦੀਆਂ ਹਦਾਇਤਾਂ ਦਾ ਇੰਨ-ਬਿੰਨ ਪਾਲਣ ਕਰਦਿਆਂ ਫਰੀਦਕੋਟ ਲਿਆਂਦੀਆਂ ਗਈਆਂ ਹਨ। ਇਸ ਸਬੰਧੀ ਉਹਨਾਂ ਦੱਸਿਆ ਕਿ ਗਿੱਦੜਬਾਹਾ ਫਰੀਦਕੋਟ ਤੋਂ 95 ਕਿਲੋਮੀਟਰ ਦੂਰ ਹੈ ਅਤੇ ਜਿੰਨਾ ਟਰੱਕਾਂ ’ਚ ਇਹਨਾਂ ਮਸੀਨਾਂ ਨੂੰ ਲਿਆਂਦਾ ਗਿਆ ਹੈ, ਉਹ ਜੀ.ਪੀ.ਅੱੈਸ. ਇਨੇਬਲਡ ਹੀ ਨਹੀਂ ਹਨ, ਬਲਕਿ ਇਨਾਂ ਗੱਡੀਆਂ ਦੇ ਨਾਲ ਵੀਡੀਓਗ੍ਰਾਫੀ ਕਰਨ ਵਾਲੀ ਟੀਮ ਵੀ ਹੁੰਦੀ ਹੈ। ਉਹਨਾਂ ਦੱਸਿਆ ਕਿ ਚੋਣ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਅਨੈਕਸਚਰ ਭਰਨ, ਫਾਰਮ ਅਤੇ ਹੋਰ ਕਾਗਜੀ ਕਾਰਵਾਈ ਕਰਨ ’ਚ ਅਕਸਰ ਕਾਫੀ ਸਮਾਂ ਲੱਗ ਜਾਂਦਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਪਿੰਡਾਂ ਚੋਂ ਇਹ ਮਸ਼ੀਨਾਂ ਈ.ਵੀ.ਐੱਮ. ਗਿੱਦੜਬਾਹਾ ਲਿਆਂਦੀਆਂ ਗਈਆਂ ਜਿਸ ਉਪਰੰਤ ਕਾਗਜੀ ਕਾਰਵਾਈ ਕੀਤੀ ਗਈ। ਇਹ ਸਾਰੀ ਪ੍ਰਕਿਰਿਆ ਮੁਕੰਮਲ ਕਰਨ ’ਚ ਕਾਫੀ ਸਮਾਂ ਲੱਗ ਜਾਂਦਾ ਹੈ। ਉਸ ਤੋਂ ਬਾਅਦ ਟਰੰਕਾਂ ਨੂੰ ਕੈਮਰਿਆਂ ਦੀ ਨਿਗਰਾਨੀ ਹੇਠ ਲੱਦਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਸਾਰੀਆਂ ਈ.ਵੀ.ਐਮ ਮਸ਼ੀਨਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਅਤ ਹਨ ਅਤੇ ਇਸੇ ਕਿਸਮ ਦੀ ਛੇੜਖਾਨੀ ਜਾਂ ਦੇਰੀ ਨਹੀਂ ਹੋਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਲਤ ਅਤੇ ਝੂਠੀਆਂ ਖਬਰਾਂ ਨਾ ਫੈਲਾਈਆਂ ਜਾਣ ਅਤੇ ਇਹਨਾਂ ਤੇ ਭਰੋਸਾ ਨਾ ਕੀਤਾ ਜਾਵੇ।