
ਮਿਲਾਨ, 5 ਜੂਨ :(ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਦੂਜੀ ਸੰਸਾਰ ਜੰਗ ਵਿਚ ਇਟਲੀ ਨੂੰ ਆਜਾਦ ਕਰਾਉਂਦੇ ਹੋਏ ਸਿੱਖ ਫੌਜੀ ਜੋ ਹਿਟਲਰ ਦੀ ਫੌਜ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਗਏ ਸਨ, ਉੁਹਨਾਂ ਦੀ ਯਾਦ ਵਿਚ ਸ਼ਹਿਰ ਮੋਰਾਦੀ (ਫਿਰੈਂਸੇ)ਵਿਖੇ ਸ਼ਹੀਦੀ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸੂਬਾ ਤੋਸਕਾਨਾ ਦੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ (ਰਾਜਿ) ਅਤੇ ਨਗਰ ਕੌਂਸਲ ਮੋਰਾਦੀ ਵਲੋਂ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਚੌਪਈ ਸਾਹਿਬ ਦੇ ਪਾਠ ਨਾਲ ਕੀਤੀ ਗਈ। ਸ਼ਹੀਦੀ ਸਮਾਗਮ ਮੌਕੇ ਅਰਦਾਸ ਸੇਵਾ ਸਿੰਘ (ਫੌਜੀ) ਨੇ ਕੀਤੀ। ਇਸ ਤੋਂ ਬਾਅਦ ਮੋਰਾਦੀ ਦੇ ਮੇਅਰ ਤੋਮਾਜੋ ਤਰੀਬੈਰਤੀ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਬਾਅਦ ਚ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਾਜਿ) ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਸ਼ਰਧਾਂਲੀ ਭੇਟ ਕੀਤੀ। ਇਸ ਮੌਕੇ ਮੇਅਰ ਤੋਮਾਜੋ ਤਰੀਬੈਰਤੀ ਨੇ ਕਿਹਾ ਕਿ ਸਿੱਖ ਕੌਮ ਨਾਲ ਸਾਡਾ ਪੁਰਾਣਾ ਰਿਸ਼ਤਾ ਹੈ ਕਿਉਂਕਿ ਇਹਨਾਂ ਦੇ ਵਡੇਰਿਆਂ ਨੇ ਇਟਲੀ ਨੂੰ ਆਜ਼ਾਦ ਕਰਾਉਣ ਲਈ ਆਪਣਾ ਖੂਨ ਦਿੱਤਾ।
ਸਮਾਗਮ ਦੇ ਆਖ਼ਰ ਵਿੱਚ ਕਮੇਟੀ ਮੈਂਬਰ ਸੈਕਟਰੀ ਸਤਨਾਮ ਸਿੰਘ ਨੇ ਸਮਾਗਮ ਨੂੰ ਨੇਪੜੇ ਚਾੜਨ ਲਈ ਇਟਾਲੀਅਲ ਤੇ ਭਾਰਤੀ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਸ਼ਾਮਲ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਧਨੋਤਾ, ਨਰਿੰਦਰ ਸੈਣੀ, ਸਤਨਾਮ ਸਿੰਘ ਨੋਵੋਲਾਰਾ, ਹਰਦੀਪ ਸਿੰਘ ਤੇ ਲਖਵਿੰਦਰ ਸਿੰਘ ਲੱਖਾ, ਜੂਸੇਪੇ, ਗੁਈਦੇ ਕਾਰਲੋ, ਪਾਦਰੀ ਤੇਨ ਜਿਆਨਲੂ ਅਤੇ ਹੋਰ ਬੁਹਤ ਸਾਰੇ ਆਜਾਦੀ ਘੁਲਾਟੀਏ ਸ਼ਾਮਲ ਹੋਏ।ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਵਲੋਂ ਇਸ ਮੌਕੇ ਲੰਗਰ ਦੀ ਸੇਵਾ ਕੀਤੀ ਗਈ।