ਕੋਟਕਪੂਰਾ, 11 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੇ ਜਨਮ ਅਸਥਾਨਾਂ ਦਾ ਵਿਕਾਸ ਕਰਨਾ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਪਹਿਲੀ ਤਰਜੀਹ ਹੈ। ਇਹ ਵਿਚਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲਾਲਾ ਲਾਜਪਤ ਰਾਏ ਦੇ ਜਨਮ ਅਸਥਾਨ ਢੁੱਡੀਕੇ ਤੋਂ ਰਣਜੀਤ ਸਿੰਘ ਧੰਨਾ ਉਪ ਚੇਅਰਮੈਨ ਸਰਵੈਂਟਸ ਆਫ ਦਾ ਪੀਪਲ ਸੁਸਾਇਟੀ ਦੀ ਅਗਵਾਈ ਵਿੱਚ ਪਿੰਡ ਠੱਠੀ ਭਾਈ ਵਿਖੇ ਮਿਲਣ ਲਈ ਆਏ ਵਫਦ ਨਾਲ ਸਾਂਝੇ ਕੀਤੇ। ਇਸ ਵਫਦ ਵਿਚ ਰਾਜਨ ਸਿੰਘ ਸਕੱਤਰ, ਸਰਬਜੀਤ ਸਿੰਘ ਮੈਂਬਰ ਵੀ ਸਾਮਲ ਸਨ। ਸੰਧਵਾਂ ਨੇ ਕਿਹਾ ਕਿ ਮੌਜੂਦਾ ਭਗਵੰਤ ਸਿੰਘ ਮਾਨ ਸਰਕਾਰ ਨੇ ਜਿੱਤਣ ਤੋ ਬਾਅਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਅਸਥਾਨ ਤੇ ਮੱਥਾ ਟੇਕਿਆ ਸੀ। ਉਹਨਾਂ ਕਿਹਾ ਕਿ 28 ਜਨਵਰੀ ਨੁੰ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ‘ਤੇ ਪੁੱਜ ਕੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਸ ਵੇਲੇ ਲਾਲਾ ਲਾਜਪਤ ਰਾਏ ਯਾਦਗਾਰ ਦੇ ਵਿਕਾਸ ਲਈ ਡੇਢ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਲੋਕ ਸਭਾ ਦੀਆਂ ਚੋਣਾਂ ਕਰਕੇ ਦੇਸ਼ ਭਰ ਵਿਚ ਕੋਡ ਆਫ ਕਨਡੱਕਟ ਲਾਗੂ ਹੋਣ ਕਰਕੇ ਗਰਾਂਟ ਜਾਰੀ ਨਹੀ ਕੀਤੀ ਜਾ ਸਕੀ ਸੀ। ਅੱਜ ਸੰਧਵਾਂ ਨੇ ਰਣਜੀਤ ਸਿੰਘ ਧੰਨਾ ਨੁੰ ਡੇਢ ਲੱਖ ਰੁਪਏ ਦਾ ਚੈਕ ਭੇੰਟ ਕੀਤਾ। ਇਸ ਮੌਕੇ ਸਪੀਕਰ ਸੰਧਵਾਂ ਦੇ ਨਾਲ ਉਹਨਾ ਦੇ ਭਰਾ ਅੇਡਵੋਕੇਟ ਬੀਰਿੰਦਰ ਸਿੰਘ ਸੰਧਵਾਂ, ਪੀ.ਆਰ.ਓ. ਮਨਪ੍ਰੀਤ ਸਿੰਘ ਮਣੀ ਧਾਲੀਵਾਲ ਤੇ ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਗਿਆਨ ਸਿੰਘ ਆਦਿ ਸਾਮਲ ਸਨ। ਕੁਲਤਾਰ ਸਿੰਘ ਸੰਧਵਾਂ ਪਿੰਡ ਠੱਠੀ ਭਾਈ ਵਿਖੇ ਆਪਣੇ ਮਾਮੇ ਸਵਰਗੀ ਰਾਮ ਸਿੰਘ ਲੋਧੀ ਸਾਬਕਾ ਸਰਪੰਚ ਦੇ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਆਏ ਸਨ।

