ਕਿਸਾਨ ਮੇਲੇ ’ਚ ਹੈਪੀ ਸੀਡਰ ਅਤੇ ਹੋਰ ਲਾਹੇਵੰਦ ਸੰਦਾਂ ਦੀ ਲਾਈ ਗਈ ਪ੍ਰਦਰਸ਼ਨੀ
ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਪਹਿਲਾਂ ਨਾਲੋਂ ਆਈ ਗਿਰਾਵਟ : ਸਪੀਕਰ ਸੰਧਵਾਂ
ਕਿਸਾਨ ਮੇਲੇ ਵਿੱਚ ਖੇਤੀਬਾੜੀ ਵਿਭਾਗ ਨੂੰ ਸ਼ਲਾਘਾਯੋਗ ਕੰਮ ਕਰਨ ਲਈ ਦਿੱਤੀ ਵਧਾਈ

ਫਰੀਦਕੋਟ, 13 ਜੂਨ (ਵਰਲਡ ਪੰਜਾਬੀ ਟਾਈਮਜ਼)
ਜਿਲਾ ਫਰੀਦਕੋਟ ’ਚ ਪਰਾਲੀ ਨੂੰ ਅੱਗ ਲਾਉਣ ਵਾਲੀਆਂ ਘਟਨਾਵਾਂ ’ਚ ਆਈ ਗਿਰਾਵਟ ਨੂੰ ਕਿਸਾਨਾਂ ਦੀ ਸ਼ੁੱਧ ਵਾਤਾਵਰਨ ਲਈ ਵਿੱਢੀ ਮੁਹਿੰਮ ’ਚ ਇੱਕ ਅਹਿਮ ਯੋਗਦਾਨ ਕਰਾਰ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕਿਸਾਨ ਮੇਲੇ ’ਚ ਖੇਤੀਬਾੜੀ ਵਿਭਾਗ ਨੂੰ ਇਸ ਮੁਹਿੰਮ ’ਚ ਸ਼ਲਾਘਾਯੋਗ ਕੰਮ ਕਰਨ ਲਈ ਵਧਾਈ ਦਿੱਤੀ। ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਪਿਛਲੀ ਵਾਰ ਦੀਆਂ ਕੁੱਲ 474 ਪਰਾਲੀ ਨੂੰ ਅੱਗ ਲਾਉਣ ਵਾਲੀਆਂ ਘਟਨਾਵਾਂ ਵਾਪਰੀਆਂ ਸਨ, ਜਦਕਿ ਇਹ ਮਿਕਦਾਰ ਇਸ ਵਾਰ ਘੱਟ ਕੇ 324 ਰਹਿ ਗਈ ਹੈ। ਉਨਾਂ ਕਿਹਾ ਕਿ ਇਸ ਚੰਗੇ ਕੰਮ ਦਾ ਸਿਹਰਾ ਖੇਤੀਬਾੜੀ ਵਿਭਾਗ ਦੇ ਨੁਮਾਇੰਦਿਆਂ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੂੰ ਵੀ ਜਾਂਦਾ ਹੈ। ਉਨਾਂ ਕਿਹਾ ਕਿ ਇਸ ਤਰੀਕੇ ਨਾਲ ਫਰੀਦਕੋਟ ਸੂਬੇ ਦੇ ਹੋਰ ਜਿਲਿਆਂ ਵਾਸਤੇ ਵੀ ਰਾਹ ਦਸੇਰਾ ਬਣਿਆ ਹੈ। ਇਸ ਮੌਕੇ ਖੇਤੀਬਾਭੀ ਵਿਭਾਗ ਨਾਲ ਸਬੰਧਤ ਵਿਭਾਗਾਂ ਜਿਵੇਂ ਕਿ ਕਿ੍ਰਸ਼ੀ ਵਿਗਿਆਨ ਕੇਂਦਰ, ਇਫਕੋ, ਮੱਛੀ ਪਾਲਣ ਆਦਿ ਵਲੋਂ ਸਟਾਲ ਲਾਏ ਗਏ, ਜਿਸ ਦਾ ਕਿਸਾਨਾਂ ਨੇ ਭਰਪੂਰ ਲਾਹਾ ਲਿਆ। ਮੇਲੇ ਦੌਰਾਨ ਅਗਾਂਹਵਧੂ ਕਿਸਾਨਾਂ ਵਲੋਂ ਖੇਤਾਂ ’ਚ ਇਸਤੇਮਾਲ ਕੀਤੇ ਜਾਂਦੇ ਸੰਦਾਂ ਜਿਵੇਂ ਕਿ ਹੈਪੀ ਸੀਡਰ ਅਤੇ ਹੋਰ ਲਾਹੇਵੰਦ ਸੰਦਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ਅਤੇ ਆਉਣ ਵਾਲੇ ਕਿਸਾਨਾਂ ਨੂੰ ਅਜਿਹੀ ਨਵੀਂ ਕਿਸਮ ਦੀ ਮਸ਼ੀਨਰੀ ਦੇ ਇਸਤੇਮਾਲ ਬਾਰੇ ਪ੍ਰੇਰਿਤ ਕੀਤਾ। ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕਿਸਾਨ ਭਲਾਈ ਸਕੀਮਾਂ ਬਾਰੇ ਬੋਲਦਿਆਂ ਕਿਹਾ ਕਿ ਕਿਸਾਨ ਵੀਰਾਂ ਨੂੰ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਖੇਤਾਂ ’ਚ ਲਗਾਤਾਰ ਪਾਣੀ ਹੀ ਨਹੀਂ ਉਪਲਬਧ ਕਰਵਾਇਆਂ, ਬਲਕਿ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਵੀ ਸੁਨਿਸ਼ਚਿਤ ਕੀਤਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਉੱਤਮ ਖੇਤੀ ਮੱਧਮ ਵਪਾਰ ਨਖਿੱਦ ਚਾਕਰੀ ਦੇ ਅਖਾਣ ਮੁਤਾਬਿਕ ਖੇਤੀਬਾੜੀ ਨੇ ਉੱਤਮ ਦਰਜਾ ਦੇਣ ’ਚ ਕੋਈ ਕਸਰ ਨਹੀਂ ਛੱਡੀ ਹੈ। ਉਨਾਂ ਕਿਹਾ ਕਿ ਕਿਸਾਨ ਭਲਾਈ ਸਕੀਮਾਂ ਨੂੰ ਮੁਹੱਈਆ ਕਰਵਾਉਣ ਦਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰਹੇਗਾ। ਉਨਾਂ ਕਿਹਾ ਕਿ ਪੰਜਾਬ ’ਚ ਲਗਾਤਾਰ ਕੱਦੂ ਕਰਕੇ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ ਨਾਲ ਕਿਸਾਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾਣ ਦੇ ਨਾਲ-ਨਾਲ ਜ਼ਮੀਨ ਦੇ ਰਸਾਇਣਕ, ਭੌਤਿਕੀ ਅਤੇ ਜੈਵਿਕ ਗੁਣਾਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਪ੍ਰਤੀ ਏਕੜ ਕੱਦੂ ਕਰਕੇ ਝੋਨੇ ਦੀ ਲਵਾਈ ਕਰਨ ’ਤੇ ਤਕਰੀਬਨ 62 ਲੱਖ ਲਿਟਰ ਪਾਣੀ ਦੀ ਖਪਤ ਹੁੰਦੀ ਹੈ, ਜਦਕਿ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨਾਲ ਕਾਸ਼ਤ ਕੀਤੇ ਪ੍ਰਤੀ ਝੋਨੇ ਦੀ ਫਸਲ ਪੈਦਾ ਕਰਨ ’ਤੇ ਤਕਰੀਬਨ 50 ਲੱਖ ਲਿਟਰ ਪਾਣੀ ਦੀ ਖਪਤ ਹੁੰਦੀ ਹੈ। ਜ਼ਿਲਾ ਫਰੀਦਕੋਟ ’ਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ’ਚ ਗਿਰਾਵਟ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇਸ ਗਿਰਾਵਟ ਨੂੰ ਘੱਟ ਕਰਨ ਲਈ ਸਾਨੂੰ ਸਾਰਿਆਂ ਨੂੰ ਭਰਪੂਰ ਯਤਨ ਕਰਨ ਦੀ ਜ਼ਰੂਰਤ ਹੈ। ਸੰਯੁਕਤ ਨਿਰਦੇਸਕ (ਪੌਦ ਸੁਰੱਖਿਆ) ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਨੇ ਕਿਹਾ ਕਿ ਸਾਉਣੀ ਦੌਰਾਨ ਕਿਸਾਨਾਂ ਨੂੰ ਫਸਲਾਂ ਦੀ ਕਾਸਤ ਲੋੜੀਂਦੀ ਖੇਤੀ ਸਮੱਗਰੀ ਦਾ ਸਟਾਕ ਜਰੂਰਤ ਅਨੁਸਾਰ ਉਪਲਬਧ ਹੈ। ਉਨਾਂ ਯਕੀਨ ਦਿਵਾਇਆ ਕਿ ਪੰਜਾਬ ’ਚ ਖਾਦਾਂ, ਕੀਟਨਾਸ਼ਕਾਂ ਅਤੇ ਹੋਰ ਖੇਤੀ ਸਮਗਰੀ ਦੀ ਕਮੀ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜਮੀਨ ਹੇਠਲੇ ਪਾਣੀ ਦੇ ਪੱਧਰ ’ਚ ਆ ਰਹੀ ਗਿਰਾਵਟ ਨੂੰ ਘਟ ਕਰਨ ਜਰੂਰੀ ਹੈ ਕਿ ਝੋਨੇ ਦੀ ਕੱਦੂ ਕਰਕੇ ਲਵਾਈ ਕਰਨ ਦੀ ਰਵਾਇਤੀ ਤਕਨੀਕ ਦੀ ਬਿਜਾਏ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਈ ਜਾਵੇ। ਉਹਨਾਂ ਕਿਹਾ ਕਿ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ 1500/-ਪ੍ਰਤੀ ਏਕੜ ਸਨਮਾਨ ਰਾਸ਼ੀ ਵੀ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਹ ਸਹੂਲਤ ਲੈਣ ਲਈ ਕਿਸਾਨਾਂ ਨੂੰ ਆਨਲਾਈਨ ਪੋਰਟਲ ’ਤੇ ਮਿਤੀ 30 ਜੂਨ ਤੱਕ ਫਾਰਮ ਭਰਨੇ ਹੋਣਗੇ। ਉਹਨਾਂ ਕਿਹਾ ਕਿ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਲੋੜੀਂਦੀ ਮਸ਼ੀਨਰੀ ਸਬਸਿਡੀ ’ਤੇ ਲਈ ਪੰਜਾਬ ਸਰਕਾਰ ਵਲੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ ਅਤੇ ਇਛੱੁਕ ਕਿਸਾਨ, ਪੰਚਾਇਤਾਂ, ਸਹਿਕਾਰੀ ਸਭਾਵਾਂ, ਕਿਸਾਨ ਸਮੂਹ ਮਿਤੀ 20 ਜੂਨ ਤੱਕ ਅਪਲਾਈ ਕਰ ਸਕਦੇ ਹਨ। ਡਾ. ਗੁਰਪ੍ਰੀਤ ਸਿੰਘ ਨੇ ਜੈਵਿਕ ਖੇਤੀ ਬਾਰੇ, ਡਾ. ਕੁਲਵੰਤ ਸਿੰਘ ਜਿਲਾ ਸਿਖਲਾਈ ਅਫਸਰ ਨੇ ਮਿੱਟੀ ਸਿਹਤ ਸੁਧਾਰ ਬਾਰੇ, ਇੰਜ. ਹਰਚਰਨ ਸਿੰਘ ਨੇ ਖੇਤੀ ਮਸ਼ੀਨਰੀ ਬਾਰੇ, ਡਾ. ਕਮਲਦੀਪ ਸਿੰਘ ਨੇ ਨਰਮੇ ਦੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ, ਡਾ. ਗੁਰਮਿੰਦਰ ਸਿੰਘ ਨੇ ਝੋਨੇ ਅਤੇ ਬਾਸਮਤੀ ਦੀਆਂ ਖੇਤੀ ਤਕਨੀਕਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਸਟੇਜ ਸਕੱਤਰ ਦੇ ਫਰਜ ਡਾ. ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਡਾ. ਭੁਪੇਸ ਜੋਸ਼ੀ ਨੇ ਬਾਖੂਬੀ ਨਿਭਾਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨਰਭਿੰਦਰ ਸਿੰਘ ਗਰੇਵਾਲ, ਪ੍ਰੋਜੈਕੋਟ ਡਾਇਰੈਕਟਰ ਆਤਮਾ ਡਾ. ਅਮਨਦੀਪ ਕੇਸ਼ਵ, ਡਾ. ਕੁਲਦੀਪ ਸਿੰਘ ਡਾਇਰੈਕਟਰ ਖੇਤਰੀ ਖੋਜ ਕੇਂਦਰ, ਖੇਤੀਬਾੜੀ ਵਿਭਾਗ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਹਾਜ਼ਰ ਸਨ।