ਬੀਕੇਯੂ ਸਿੱਧੂਪੁਰ ਨੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ
ਫਰੀਦਕੋਟ, 13 ਜੂਨ (ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲਾ ਪ੍ਰਧਾਨ ਬੋਹੜ ਸਿੰਘ ਰੁਪੱਈਆਂਵਾਲਾ ਨੇ ਦੱਸਿਆ ਕਿ ਜਦੋਂ ਦਿੱਲੀ ਕਿਸਾਨੀ ਅੰਦੋਲਨ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣ ਉਪਰੰਤ ਮੁਅੱਤਲ ਕੀਤਾ ਗਿਆ ਸੀ ਤਾਂ ਸਰਕਾਰ ਵਲੋਂ ਮੰਨੀਆਂ ਗਈਆਂ ਮੰਗਾਂ ’ਚ ਇੱਕ ਅਹਿਮ ਮੰਗ ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਪੰਜ ਲੱਖ ਰੁਪਏ ਮੁਆਵਜਾ, ਯੋਗਤਾ ਅਨੁਸਾਰ ਸਰਕਾਰੀ ਨੌਕਰੀ ਅਤੇ ਸ਼ਹੀਦਾਂ ਦੀ ਯਾਦ ’ਚ ਸਿੰਘੂ ਬਾਰਡਰ ਉੱਪਰ ਯਾਦਗਾਰ ਬਣਾਉਣ ਲਈ ਜਗਾ ਦੇਣਾ ਅਤੇ ਅੰਦੋਲਨ ਦੌਰਾਨ ਦੇਸ਼ ਭਰ ’ਚ ਦਰਜ ਹੋਏ ਮੁਕਦਮੇ ਰੱਦ ਕਰਨਾ ਮੰਨਿਆ ਗਿਆ ਸੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ 18 ਮਈ 2022 ਨੂੰ ਪਹਿਲੀ ਮੀਟਿੰਗ ਹੋਈ ਸੀ, ਜਿਸ ਵਿੱਚ ਵੀ ਇੱਕ ਅਹਿਮ ਮੰਗ ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ਅਤੇ ਪੰਜ ਲੱਖ ਰੁਪਏ ਮੁਆਵਜਾ ਦੇਣਾ ਅਤੇ ਤੇਲੰਗਾਨਾ ਸਰਕਾਰ ਵੱਲੋਂ ਐਲਾਨਿਆਂ ਗਿਆ 3 ਲੱਖ ਰੁਪਏ ਮੁਆਵਜਾ ਦਬਾਉਣ ਦੀ ਮੰਗ ਨੂੰ ਪੰਜਾਬ ਸਰਕਾਰ ਵਲੋਂ ਮੰਨਿਆ ਗਿਆ ਸੀ, ਜਿਸ ਉਪਰੰਤ ਬਾਅਦ ’ਚ ਹੋਈਆਂ ਮੀਟਿੰਗਾਂ ’ਚ ਵੀ ਇਹ ਮੰਗ ਵਾਰ ਵਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ ਉਠਾਈ ਗਈ ਅਤੇ ਹਰ ਵਾਰ ਪੰਜਾਬ ਸਰਕਾਰ ਵੱਲੋਂ ਇਹ ਮੰਗ ਮੀਟਿੰਗ ’ਚ ਤਾਂ ਮੰਨ ਲਈ ਗਈ ਅਤੇ ਬਾਹਰ ਆ ਕੇ ਪ੍ਰੈਸ ’ਚ ਜਲਦੀ ਹੀ ਮੁਆਵਜਾ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ ਪਰ ਦੋ ਢਾਈ ਸਾਲ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਵਲੋਂ ਵਾਅਦਾਖਿਲਾਫੀ ਕਰਦੇ ਹੋਏ ਅਤੇ ਟਾਲ ਮਟੋਲ ਦੀ ਨੀਤੀ ਉੱਤੇ ਚੱਲਦੇ ਹੋਏ ਅੱਜ ਤੱਕ ਸ਼ਹੀਦਾਂ ਦੇ ਵਾਰਸਾਂ ਨੂੰ ਨਾਂ ਤਾਂ ਰਹਿੰਦਾ ਮੁਆਵਜਾ ਦਿੱਤਾ ਗਿਆ ਹੈ ਅਤੇ ਨਾ ਹੀ ਸਰਕਾਰੀ ਨੌਕਰੀ ਤੋਂ ਵਾਂਝੇ ਰਹਿੰਦੇ ਸ਼ਹੀਦਾਂ ਦੇ ਵਾਰਸਾਂ ਨੂੰ ਨੌਕਰੀਆਂ ਹੀ ਦਿੱਤੀਆਂ ਗਈਆਂ ਹਨ, ਜਿਸ ਉਪਰੰਤ ਸਰਕਾਰ ਦੀ ਵਾਅਦਾ ਖਿਲਾਫੀ ਦੇ ਰੋਸ ਵੱਜੋਂ ਸ਼ਹੀਦਾਂ ਦੇ ਵਾਰਸਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਵੀ ਧਰਨਾ ਦਿੱਤਾ ਗਿਆ ਸੀ। ਬੋਹੜ ਸਿੰਘ ਰੁਪਈਆਂਵਾਲਾ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੁਆਵਜੇ ਅਤੇ ਨੌਕਰੀ ਤੋਂ ਵਾਂਝੇ ਰਹਿੰਦੇ ਪਰਿਵਾਰਾਂ ਨੂੰ ਸਰਕਾਰ ਆਪਣੇ ਵਾਅਦੇ ਮੁਤਾਬਕ ਜਲਦੀ ਤੋਂ ਜਲਦੀ ਨੌਕਰੀ ਦੇਵੇ ਅਤੇ ਜਦੋਂ ਤੱਕ ਸਾਰੇ ਸਹੀਦ ਪਰਿਵਾਰਾਂ ਨੂੰ ਨੌਕਰੀ ਦੇ ਮੁਆਵਜਾ ਨਹੀਂ ਮਿਲਦਾ, ਉਸ ਸਮੇਂ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇਸ ਤਰਾਂ ਹੀ ਚਟਾਨ ਵਾਂਗ ਖੜੀ ਰਹੇਗੀ। ਇਸ ਮੌਕੇ ਉਹਨਾਂ ਨਾਲ ਪ੍ਰਧਾਨ ਚਰਨਜੀਤ ਸਿੰਘ ਸੁੱਖਣਵਾਲਾ, ਦੇਵ ਸਿੰਘ ਰਾਮੇਆਣਾ, ਤੇਜਾ ਸਿੰਘ ਪੱਕਾ, ਗੁਰਮੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਰਾਮੇਆਣਾ, ਗੁਰਬੂਟਾ ਸਿੰਘ ਕੋਠੇ ਵੜਿੰਗ, ਰਣਜੀਤ ਸਿੰਘ ਸਿਰਸੜੀ, ਅਰਸ਼ਦੀਪ ਸਿੰਘ ਸੂਰਘੁਰੀ, ਗੁਰਮੀਤ ਸਿੰਘ ਸਿਰਸੜੀ ਆਦਿ ਕਿਸਾਨ ਆਗੂ ਹਾਜਰ ਸਨ।