ਪੰਜਾਬ ’ਚ 4 ਸਰਕਾਰੀ ਅਤੇ 6 ਪ੍ਰਾਈਵੇਟ ਕਾਲਜਾਂ ਦੀਆਂ ਹਨ ਕੁੱਲ ਸੀਟਾਂ : ਡਾ. ਰਾਜੀਵ ਸੂਦ
ਫਰੀਦਕੋਟ , 17 ਜੂਨ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਨੇ ਸੂਬੇ ਦੇ 4 ਸਰਕਾਰੀ ਅਤੇ 6 ਨਿੱਜੀ ਮੈਡੀਕਲ ਕਾਲਜਾਂ ’ਚ ਐੱਮ.ਬੀ.ਬੀ.ਐੱਸ. ਕੋਰਸ ਦੀਆਂ 1550 ਸੀਟਾਂ ਲਈ ਕਾਉਂਸਲਿੰਗ ਦੀ ਤਿਆਰੀ ਕਰ ਲਈ ਹੈ। ‘ਨੀਟ’ ਯੂ.ਜੀ. ਦੇ ਇਮਤਿਹਾਨਾ ਦੇ ਨਤੀਜਿਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਯੂਨੀਵਰਸਿਟੀ ਨੇ ਅਜੇ ਤੱਕ ਦਾਖਲੇ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ, ਕਿਉਂਕਿ ਨਤੀਜਿਆਂ ਦਾ ਮਾਮਲਾ ਕਲੀਅਰ ਹੁੰਦਿਆਂ ਹੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ’ਚ ਐੱਮ.ਬੀ.ਬੀ.ਐੱਸ. ਸੀਟਾਂ ’ਤੇ ਦਾਖਲਿਆਂ ਲਈ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੂੰ ਅਧਿਕਾਰ ਦਿੱਤੇ ਸਨ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਮੁਤਾਬਿਕ ਐੱਮ.ਬੀ.ਬੀ.ਐੱਸ. ਸੀਟਾਂ ਨੂੰ ਭਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ, ਜਲਦ ਦਾਖਲੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਉਹਨਾ ਦੱਸਿਆ ਕਿ ਪਿਛਲੇ ਸਾਲ 25 ਹਜਾਰ ਪ੍ਰੀਖਿਆਰਥੀਆਂ ਨੇ ਦਾਖਲਿਆਂ ਲਈ ਅਰਜੀਆਂ ਭੇਜੀਆਂ ਸਨ। ਜਿਕਰਯੋਗ ਹੈ ਕਿ 4 ਸਰਕਾਰੀ ਕਾਲਜਾਂ ਕ੍ਰਮਵਾਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ 150 ਸੀਟਾਂ, ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਵਿਖੇ 250, ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅੰਮਿ੍ਰਤਸਰ ਵਿਖੇ 250, ਡਾ. ਬੀ.ਆਰ. ਅੰਬੇਦਕਰ ਮੈਡੀਕਲ ਕਾਲਜ ਮੋਹਾਲੀ ਵਿਖੇ 100, ਜਦਕਿ ਵੱਖ ਵੱਖ ਟਰੱਸਟਾਂ ਅਧੀਨ ਚੱਲਦੇ 6 ਨਿੱਜੀ ਕਾਲਜਾਂ ਕ੍ਰਮਵਾਰ ਆਦੇਸ਼ ਮੈਡੀਕਲ ਕਾਲਜ ਬਠਿੰਡਾ ਵਿਖੇ 150, ਲੁਧਿਆਣਾ ਦੇ ਸੀ.ਐੱਮ.ਸੀ. ਅਤੇ ਡੀ.ਐੱਮ.ਸੀ. ਵਿਖੇ 100, ਗਿਆਨ ਸਾਗਰ ਮੈਡੀਕਲ ਕਾਲਜ ਬਨੂੜ ਵਿਖੇ 150, ਪਿੰਗਜ ਜਲੰਧਰ ਵਿਖੇ 100, ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮਿ੍ਰਤਸਰ ਵਿਖੇ 150, ਚਿੰਤਪੁਰਨੀ ਮੈਡੀਕਲ ਕਾਲਜ ਪਠਾਨਕੋਟ ਵਿਖੇ 150 ਸੀਟਾਂ ਹਨ।