ਬਾਲ ਕੈਦੀਆਂ ਨੂੰ ਸਖਤ ਗਰਮੀ ਵਿੱਚ ਵੀ ਦਿੱਤੇ ਜਾ ਰਹੇ ਹਨ ਗਰਮ ਕੱਪੜੇ ਡਾ. ਬਲਜੀਤ ਕੌਰ
ਫਰੀਦਕੋਟ, 23 ਜੂਨ (ਵਰਲਡ ਪੰਜਾਬੀ ਟਾਈਮਜ਼)
ਅੱਜ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਦੇ ਦੌਰੇ ਦੌਰਾਨ ਵੱਖ-ਵੱਖ ਮਾਮਲਿਆਂ ਵਿੱਚ ਬਾਲ ਘਰ ਫਰੀਦਕੋਟ ਵਿੱਚ ਬੰਦ ਬੱਚਿਆਂ ਨੇ ਆਪਣੀਆਂ ਸਮੱਸਿਆਵਾਂ ਰੱਖੀਆਂ ਅਤੇ ਉਨਾਂ ਦੇ ਹੱਲ ਦੀ ਮੰਗ ਕੀਤੀ। ਜਿਸ ਤੋਂ ਬਾਅਦ ਜਿੱਥੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਜੇਲ ਪ੍ਰਬੰਧਕਾਂ ਨੂੰ ਆਦੇਸ ਜਾਰੀ ਕੀਤੇ, ਉੱਥੇ ਹੀ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਫੰਡ ਲਿਆ ਕੇ ਕੁਝ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਗਿਆ। ਵਰਨਣਯੋਗ ਹੈ ਕਿ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਸਨੀਵਾਰ ਨੂੰ ਸਥਾਨਕ ਬਾਲ ਘਰ ਦਾ ਅਚਨਚੇਤ ਦੌਰਾ ਕੀਤਾ। ਦੱਸ ਦੇਈਏ ਕਿ ਇਸ ਬਾਲ ਘਰ ਵਿੱਚ ਕਰੀਬ 80 ਨਾਬਾਲਗ ਬੱਚੇ ਵੱਖ-ਵੱਖ ਮਾਮਲਿਆਂ ਵਿੱਚ ਬੰਦ ਹਨ। ਇਸ ਦੌਰਾਨ ਜਦੋਂ ਡਾ. ਬਲਜੀਤ ਕੌਰ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕੜਾਕੇ ਦੀ ਗਰਮੀ ਵਿੱਚ ਚਾਦਰਾਂ ਦੀ ਘਾਟ ਕਾਰਨ ਉਨਾਂ ਨੂੰ ਕੰਬਲਾਂ ’ਤੇ ਸੌਣਾ ਪੈਂਦਾ ਹੈ। ਚਾਦਰਾਂ ਦੀ ਘਾਟ ਕਾਰਨ ਬੈੱਡਾਂ ’ਤੇ ਰੱਖੇ ਫੋਮ ਦੇ ਗੱਦਿਆਂ ’ਤੇ ਕੰਬਲ ਵਿਛਾਏ ਪਏ ਹਨ ਅਤੇ ਬੱਚਿਆਂ ਨੂੰ ਉਨਾਂ ’ਤੇ ਹੀ ਸੌਣਾ ਪੈਂਦਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਕੁਝ ਕਮੀਆਂ ਸਾਹਮਣੇ ਆਈਆਂ ਹਨ, ਜਿਵੇਂ ਕਿ ਬੱਚਿਆਂ ਦੇ ਰਹਿਣ ਵਾਲੇ ਕੁਆਰਟਰਾਂ ਨੂੰ ਸੁਧਾਰਨ ਦੀ ਲੋੜ ਹੈ, ਜਿਸ ਲਈ ਜੇਲ ਪ੍ਰਸਾਸ਼ਨ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬੱਚਿਆਂ ਦੇ ਮਨੋਰੰਜਨ, ਸਿੱਖਿਆ ਅਤੇ ਹੁਨਰ ਵਿਕਾਸ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇੱਥੇ ਸੁਧਾਰ ਲਈ ਆਈ.ਸੀ.ਪੀ.ਐਸ. ਸਕੀਮ ਤਹਿਤ ਕੇਂਦਰ ਤੋਂ ਫੰਡ ਲਿਆਂਦੇ ਜਾਣਗੇ ਅਤੇ ਪੰਜਾਬ ਸਰਕਾਰ ਵੱਲੋਂ ਵੀ ਫੰਡ ਦਿੱਤੇ ਜਾਣਗੇ। ਤਾਂ ਜੋ ਇਨਾਂ ਬੱਚਿਆਂ ਦੀ ਜਿੰਦਗੀ ਵਿੱਚ ਅਸਲ ਵਿੱਚ ਸੁਧਾਰ ਕੀਤਾ ਜਾ ਸਕੇ ਤਾਂ ਜੋ ਉਹ ਬਾਹਰ ਜਾ ਕੇ ਚੰਗੀ ਜ਼ਿੰਦਗੀ ਬਤੀਤ ਕਰ ਸਕਣ।
