ਹਜ਼ਾਰਾਂ ਦੀ ਗਿਣਤੀ ਵਿੱਚ ਮਰਹੂਮ ਸਤਨਾਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ*
ਮਿਲਾਨ, 25 ਜੂਨ: (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਇਟਲੀ ਵਿੱਚ ਕਾਮਿਆਂ ਨਾਲ ਸ਼ੋਸ਼ਣ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਹਨ ਪਰ ਬੀਤੇ ਦਿਨੀਂ ਪੰਜਾਬੀ ਨੌਜਵਾਨ ਨਾਲ ਵਾਪਰੀ ਘਟਨਾ ਨੇ ਹਿਰਦਿਆਂ ਨੂੰ ਵਲੂੰਧ ਕੇ ਰੱਖ ਦਿੱਤਾ ਹੈ। ਸਥਾਨਕ ਮੀਡੀਆ ਅਨੁਸਾਰ ਇਟਲੀ ਦੇ ਲਾਸੀਓ ਸੂਬੇ ਦੇ ਜਿਲ਼੍ਹਾ ਲਾਤੀਨਾ ਦੇ ਇੱਕ ਪਿੰਡ ਵਿੱਚ ਖੇਤਾਂ ਵਿੱਚ ਕੰਮ ਕਰਦੇ ਸਮੇਂ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਦਰਦਨਾਕ ਮੌਤ ਹੋ ਗਈ। ਦਰਅਸਲ ਇਸ ਹਾਦਸੇ ਦਾ ਕਾਰਨ ਇਟਾਲੀਅਨ ਮਾਲਕ ਦੀ ਲਾਪਰਵਾਹੀ ਹੈ ਜਿਸ ਕਰਕੇ ਮਰਹੂਮ ਨੌਜਵਾਨ ਨੂੰ ਇਨਸਾਫ਼ ਦਿਵਾਉਣ ਲਈ ਇਟਲੀ ਦੀ ਸਿਰਮੌਰ ਜੱਥੇਬੰਦੀ ਸੀ ਜੀ ਆਈ ਐਲ ਦੇ ਝੰਡੇ ਹੇਠ ਲਾਤੀਨਾ ਦੇ ਡੀ ਸੀ ਦਫ਼ਤਰ ਦੇ ਅੱਗੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਇਟਲੀ ਭਰ ਤੋਂ ਕਿਰਤੀਆਂ ਦੇ ਨਾਲ ਆਮ ਲੋਕਾਂ ਨੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸਮੂਲੀਅਤ ਕਰਦਿਆਂ ਮਰਹੂਮ ਸਤਨਾਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਰੋਸ ਮੁਜ਼ਾਹਰੇ ਵਿੱਚ ਕਿਰਤੀਆਂ ਦੇ ਦੁੱਖ ਨੂੰ ਸੁਣਨ ਇਟਲੀ ਦੀ ਪਾਰਲੀਮੈਂਟ ਤੋਂ 3 ਸੰਸਦ ਮੈਂਬਰਾਂ ਨੇ ਹਜ਼ਾਰਾਂ ਦੇ ਇੱਕਠ ਨੂੰ ਭਰੋਸਾ ਦੁਆਇਆ ਕਿ ਉਹ ਇਟਾਲੀਅਨ ਮਾਲਕ ਵੱਲੋਂ ਮ੍ਰਿਤਕ ਸਤਨਾਮ ਸਿੰਘ ਨਾਲ ਕੀਤੀ ਬੇਇਨਸਾਫ਼ੀ ਦਾ ਮੁੱਦਾ ਪਾਰਲੀਮੈਂਟ ਵਿੱਚ ਰੱਖਣਗੇ ਤੇ ਭਵਿੱਖ ਵਿੱਚ ਕਿਸੇ ਵੀ ਹੋਰ ਕਾਮੇ ਨਾਲ ਅਜਿਹੀ ਘਟਨਾ ਨਾ ਘਟੇ ਇਸ ਸੰਬਧੀ ਕਾਰਵਾਈ ਕਾਨੂੰਨ ਨੂੰ ਹੋਰ ਸਖ਼ਤ ਕਰਨ ਸੰਬਧੀ ਵਿਚਾਰਿਆ ਜਾਵੇਗਾ। ਇਸ ਵਿਸ਼ਾਲ ਰੋਸ ਮੁਜ਼ਾਹਰੇ ਵਿੱਚ ਆਏ ਹਜ਼ਾਰਾਂ ਲੋਕ ਜਿੱਥੇ ਮਰਹੂਮ ਸਤਨਾਮ ਸਿੰਘ ਨੂੰ ਇਨਸਾਫ਼ ਲਈ ਕਥਿਤ ਦੋਸ਼ੀ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਹਾਅ ਦਾ ਨਾਹਰਾ ਮਾਰ ਰਹੇ ਸਨ ਉੱਥੇ ਸਾਰੇ ਲੋਕ ਮਰਹੂਮ ਨਾਲ ਹੋਏ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆਂ ਵੀ ਕਰ ਰਹੇ ਸਨ ।
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਸੀ ਜੀ ਆਈ ਐਲ ਸੰਸਥਾ ਆਗੂ ਮੈਡਮ ਹਰਦੀਪ ਕੌਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕੁਝ ਲੋਕ ਜਾਣਬੁੱਝ ਕਿ ਅਫ਼ਵਾਹਾਂ ਫੈਲਾਅ ਰਹੇ ਹਨ ਕਿ ਉਹ ਕੁਆਰਾ ਸੀ ਉਸ ਦੀ ਕੋਈ ਪਤਨੀ ਨਹੀਂ ਸੀ ਪਰ ਜਿਹੜੀ ਕੁੜੀ ਨੇ ਜਖ਼ਮੀ ਸਤਨਾਮ ਸਿੰਘ ਨੂੰ ਲੋਕਾਂ ਦੀ ਸਹਾਇਤਾ ਨਾਲ ਰੋਮ ਹਸਪਤਾਲ ਤੱਕ ਪਹੁੰਚਾਇਆ ਉਹ ਕੌਣ ਹੈ ? ਇਟਲੀ ਪ੍ਰਸ਼ਾਸ਼ਨ ਸੋਨੀਆਂ ਨਾਮ ਦੀ ਇਸ ਕੁੜੀ ਨਾਲ ਪੂਰੀ ਹਮਦਰਦੀ ਰੱਖ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ।
ਇਟਲੀ ਸਰਕਾਰ ਮ੍ਰਿਤਕ ਸਤਨਾਮ ਦੀ ਪਤਨੀ ਸੋਨੀਆ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਕਹਿ ਰਹੀ ਹੈ ਤੇ ਉਸ ਦੀ ਪਤਨੀ ਸੋਨੀਆਂ ਨੂੰ ਇਟਲੀ ਵਿੱਚ ਨਿਵਾਸ ਦੀ ਸੁਵਿਧਾ ਵੀ ਉਪਲਬਧ ਕਰਵਾ ਚੁੱਕੀ ਹੈ ਬਾਕੀ ਉਸ ਦੇ ਹੋਰ ਪਰਿਵਾਰ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ ਹੈ।ਇਸ ਵਿਸ਼ਾਲ ਰੋਸ ਮੁਜ਼ਾਹਰੇ ਵਿੱਚ ਮਜ਼ਦੂਰ ਜੱਥੇਬੰਦੀ ਸੀ ਜੀ ਆਈ ਐਲ ਦੇ ਕੌਮੀ ਆਗੂਆਂ ਤੋਂ ਇਲਾਵਾ ਭਾਰਤੀ ਸਿੱਖ ਭਾਈਚਾਰੇ ਦੀਆਂ ਵੀ ਕਈ ਨਾਮੀ ਸਖ਼ਸੀਅਤਾਂ ਤੇ ਸਿੱਖ ਸੰਗਤਾਂ ਨੇ ਵੀ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।
ਦੱਸਣਯੋਗ ਹੈ ਕਿ ਇਸ ਇਨਸਾਫ਼ ਰੈਲੀ ਵਿੱਚ ਠਾਠਾਂ ਮਾਰਦਾ ਇੱਕਠ ਇਹ ਸਾਬਤ ਕਰ ਰਿਹਾ ਸੀ ਕਿ ਲੋਕਾਂ ਨੂੰ ਸਤਨਾਮ ਸਿੰਘ ਦੀ ਮੌਤ ਨੇ ਝੰਜੋੜ ਕੇ ਰੱਖ ਦਿੱਤਾ ਹੈ ਕਿਉਕਿ ਸੋਸ਼ਲ ਮੀਡੀਆਂ ਤੇ ਪਹਿਲੀ ਵਾਰ ਇਟਾਲੀਅਨ ਲੋਕਾਂ ਵਲੋ ਵੀ ਇਨ੍ਹਾ ਜਿਆਦਾ ਦੁੱਖ ਮਨਾਇਆ ਗਿਆ ਹੈ। ਇਟਾਲੀਅਨ ਮਾਲਕ ਅਨਤੋਨੇਲੋ ਲੋਵਾਤੋ ਵਲੋ ਜੋ ਇਨਸਾਨੀਅਤ ਨੂੰ ਸ਼ਰਮਸਾਰ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਉਹ ਸੱਚ -ਮੁੱਚ ਬਹੁਤ ਹੀ ਨਿੰਦਨਯੋਗ ਹੈ ।