ਫ਼ਰੀਦਕੋਟ, 27 ਜੂਨ (ਵਰਲਡ ਪੰਜਾਬੀ ਟਾਈਮਜ਼)
ਮਾਨਵਤਾ ਦੀ ਭਲਾਈ ਲਈ ਹਮੇਸ਼ਾ ਮੋਹਰੀ ਰਹਿ ਕੇ ਕੰਮ ਕਰਨ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਸਰਕਾਰੀ ਹਸਪਤਾਲ ਫ਼ਰੀਦਕੋਟ ਦੇ ਬੱਚਿਆਂ ਵਾਲੇ ਵਿਭਾਗ ਵਿੱਚ ਦਾਖਲ ਬੱਚਿਆਂ ਨੂੰ ਸਹੂਲਤ ਪ੍ਰਦਾਨ ਕਰਨ ਵਾਸਤੇ ਦੋ ਏ.ਸੀ. ਅਤੇ ਪੰਜ ਕੰਧ ਵਾਲੇ ਪੱਖੇ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ, ਸਕੱਤਰ ਮਨਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਮਿਲ ਕੇ ਭੇਟ ਕੀਤੇ। ਇਸ ਮੌਕੇ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਨੇ ਦੱਸਿਆ ਕਿ ਗਰਮੀ ਦੇ ਪ੍ਰਕੋਪ ਨੂੰ ਵੇਖਦਿਆਂ ਪਹਿਲਾਂ ਵੀ ਰੋਟਰੀ ਕਲੱਬ ਵੱਲੋਂ ਬੱਚਿਆਂ ਵਾਲੇ ਵਿਭਾਗ ਲਈ ਪੱਖੇ ਭੇਂਟ ਕੀਤੇ ਗਏ ਸਨ। ਉਨਾਂ ਦੱਸਿਆ ਕਿ ਬੱਚਿਆਂ ਦੀ ਚੰਗੀ ਸਿਹਤ ਵਾਸਤੇ ਦੁੱਧ ਅਤੇ ਕੇਲਿਆਂ ਦੀ ਸੇਵਾ ਵੀ ਕਲੱਬ ਵੱਲੋਂ ਚਲਾਈ ਗਈ ਸੀ। ਉਨਾਂ ਬੱਚਾ ਵਿਭਾਗ ਦੇ ਡਾਕਟਰ ਸਾਹਿਬਾਨ ਦੀ ਮੰਗ ’ਤੇ ਅੱਜ ਬੱਚਿਆਂ ਲਈ ਏ.ਸੀ. ਅਤੇ ਪੱਖੇ ਦਿੱਤੇ ਗਏ ਹਨ। ਉਨਾਂ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਗੁਰੂ ਗੋਬਿੰਦ ਸਿੰਘ ਹਸਪਤਾਲ ’ਚ ਦਾਖਲ ਮਰੀਜ਼ਾਂ ਵਾਸਤੇ 9 ਜੁਲਾਈ ਨੂੰ ਇੱਕ ਖੂਨਦਾਨ ਕੈਂਪ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਾਇਆ ਜਾਵੇਗਾ। ਇਸ ਮੌਕੇ ਕਲੱਬ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਕਿਹਾ ਕਿ ਰੋਟਰੀ ਪੂਰੀ ਦੁਨੀਆਂ ਅੰਦਰ 24 ਘੰਟੇ ਮਾਨਵਤਾ ਦੀ ਸੇਵਾ ਕਰਦੀ ਹੈ। ਉਨਾਂ ਕਿਹਾ ਕਿ ਸਾਰੇ ਸੰਸਾਰ ’ਚ ਰੋਟਰੀ ਕਲੱਬ ਹਨ। ਉਨਾਂ ਕਿਹਾ ਕਿ ਰੋਟਰੀ ਨੇ ਸੰਸਾਰ ਭਰ ’ਚੋਂ ਪੋਲੀਓ ਦੇ ਖਾਤਮੇ ਵਾਸਤੇ ਵੀ ਅਹਿਮ ਭੂਮਿਕਾ ਅਦਾ ਕੀਤੀ ਹੈ। ਇਸ ਮੌਕੇ ਬੱਚਿਆਂ ਦੇ ਮਾਹਿਰ ਡਾ. ਸ਼ਸ਼ੀਕਾਂਤ ਧੀਰ ਨੇ ਪਹੁੰਚੇ ਰੋਟਰੀ ਕਲੱਬ ਦੇ ਮੈਂਬਰਾਂ ਨੂੰ ਪਹਿਲਾਂ ਜੀ ਆਇਆਂ ਆਖਿਆ ਤੇ ਫ਼ਿਰ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਕਲੱਬ ਦੇ ਸੀਨੀਅਰ ਮੈਂਬਰ ਸੰਜੀਵ ਮਿੱਤਲ, ਅਸ਼ਵਨੀ ਬਾਂਸਲ, ਕੇ.ਪੀ. ਸਿੰਘ ਸਰਾਂ, ਅਮਿਤ ਅਰੋੜਾ, ਡਾ. ਜੈਪ੍ਰੀਤ ਸਿੰਘ ਅਤੇ ਆਰਵ ਅਰੋੜਾ ਆਦਿ ਵੀ ਹਾਜ਼ਰ ਸਨ।