ਬੁੱਢੇ ਨਾਲੇ ਦੇ ਪ੍ਰਦੂਸ਼ਣ ਕਾਰਨ ਮਾਲਵਾ ਖੇਤਰ ਅਤੇ ਰਾਜਸਥਾਨ ਦੇ 15 ਜ਼ਿਲੇ ਬਿਮਾਰੀਆਂ ਦੀ ਲਪੇਟ ’ਚ!
ਗੰਗਾਨਗਰ ਦੀ ਪ੍ਰਦੂਸ਼ਣ ਰੋਕਥਾਮ ਕਮੇਟੀ ਨੇ ਨਗਰ ਨਿਗਮ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ
ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰ ਅਤੇ ਸੂਬੇ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਸਮੇਤ ਨੈਸ਼ਨਲ ਗਰੀਨ ਟਿ੍ਰਬਿਊਨਲ (ਐੱਨ.ਜੀ.ਟੀ.) ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਬੁੱਢੇ ਦਰਿਆ (ਨਾਲੇ) ਦੇ ਪ੍ਰਦੂਸ਼ਣ ਦੀ ਮਾਰ ਸਮੁੱਚੇ ਮਾਲਵਾ ਖੇਤਰ ਦੇ ਨਾਲ ਨਾਲ ਰਾਜਸਥਾਨ ਦੇ 15 ਜ਼ਿਲਿਆਂ ਤੱਕ ਵੀ ਜਾ ਪੁੱਜੀ ਹੈ। ਹੁਣ ਰਾਜਸਥਾਨ ਦੇ ਜ਼ਿਲੇ ਗੰਗਾਨਗਰ ਦੀ ਪ੍ਰਦੂਸ਼ਣ ਰੋਕਥਾਮ ਕਮੇਟੀ ਨੇ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਸੌਂਪ ਕੇ ਦੱਸਿਆ ਹੈ ਕਿ ਬੁੱਢੇ ਦਰਿਆ ਦਾ ਪ੍ਰਦੂਸ਼ਣ ਰਾਜਸਥਾਨ ਦੇ 15 ਜ਼ਿਲਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਪ੍ਰਦੂਸ਼ਣ ਰੋਕਥਾਮ ਕਮੇਟੀ ਰਾਜਸਥਾਨ ਦੇ ਵਫਦ ਨੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਦੱਸਿਆ ਕਿ ਹਰੀਕੇ ਪੱਤਣ ਦੀਆਂ ਨਹਿਰਾਂ ਤੋਂ ਸਮੁੱਚੇ ਮਾਲਵਾ ਖੇਤਰ ਦੇ ਨਾਲ ਨਾਲ ਰਾਜਸਥਾਨ ਦੇ 15 ਜ਼ਿਲਿਆਂ ਨੂੰ ਵੀ ਪਾਣੀ ਸਪਲਾਈ ਕੀਤਾ ਜਾਂਦਾ ਹੈ, ਜੋ ਕਿ ਬੁੱਢੇ ਨਾਲੇ ਦਾ ਪ੍ਰਦੂਸ਼ਿਤ ਪਾਣੀ ਰਲਿਆ ਹੋਣ ਕਰਕੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕ ਕੈਂਸਰ, ਕਾਲਾ ਪੀਲੀਆ, ਚਮੜੀ ਦੇ ਰੋਗ ਸਮੇਤ ਹੋਰ ਘਾਤਕ ਬਿਮਾਰੀਆਂ ਤੋਂ ਪੀੜਤ ਅਤੇ ਪ੍ਰਭਾਵਿਤ ਹੋ ਰਹੇ ਹਨ। ਵਫਦ ਨੇ ਪਾਣੀ ਦੀ ਇਕ ਜਾਂਚ ਰਿਪੋਰਟ ਵੀ ਨਾਲ ਨੱਥੀ ਕੀਤੀ ਹੈ, ਜਿਸ ਮੁਤਾਬਿਕ ਪਾਣੀ ਵਿੱਚ ਐਲੂਮੀਨੀਅਮ ਨਿਰਧਾਰਤ ਮਾਪਦੰਡਾਂ ਤੋਂ 136 ਗੁਣਾ ਵੱਧ ਹੈ। ਗੰਦਗੀ 44 ਗੁਣਾ ਜਿਆਦਾ ਹੈ, ਇਸ ਤੋਂ ਇਲਾਵਾ ਨਿੱਕਲ ਅਤੇ ਮੈਗਨੀਜ਼ ਵਰਗੀਆਂ ਖਤਰਨਾਕ ਧਾਤਾਂ ਵੀ ਪਾਣੀ ਵਿੱਚ ਰਲੀਆਂ ਹਨ। ਸੰਸਥਾ ਮੁਤਾਬਿਕ 3 ਡਾਕਟਰਾਂ ਦੇ ਪੈਨਲ ਨੇ ਇਸ ਪੀਣ ਵਾਲੇ ਪਾਣੀ ਨੂੰ ਜ਼ਹਿਰ ਦੱਸਿਆ ਹੈ। ਵਫਦ ਨੇ ਬਠਿੰਡਾ ਤੋਂ ਬੀਕਾਨੇਰ ਨੂੰ ਜਾਣ ਵਾਲੀ ਕੈਂਸਰ ਟਰੇਨ ਦਾ ਹਵਾਲਾ ਦਿੰਦਿਆਂ ਆਖਿਆ ਹੈ ਕਿ ਬੁੱਢੇ ਦਰਿਆ ਦੇ ਪ੍ਰਦੂਸ਼ਣ ਕਾਰਨ ਲੋਕਾਂ, ਜਾਨਵਰਾਂ ਅਤੇ ਬਨਸਪਤੀ ਨੂੰ ਵੱਡਾ ਖਤਰਾ ਹੈ। ਜਿਕਰਯੋਗ ਹੈ ਕਿ ਇਸ ਬਾਰੇ ਪਿਛਲੇ ਕਾਫੀ ਸਮੇਂ ਤੋਂ ਵੱਖ ਵੱਖ ਸੰਸਥਾਵਾਂ ਤੇ ਜਥੇਬੰਦੀਆਂ ਨਾਲ ਸਬੰਧਤ ਵਾਤਾਵਰਣ ਪ੍ਰੇਮੀਆਂ ਵਲੋਂ ਲਿਖਤੀ ਅਤੇ ਜੁਬਾਨੀ ਤੌਰ ’ਤੇ ਅੰਕੜਿਆਂ ਨਾਲ ਦਲੀਲਾਂ ਸਮੇਤ ਅਨੇਕਾਂ ਸ਼ਿਕਾਇਤਾਂ ਕੀਤੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।