ਜੁਅਰਤਮੰਦੀ ਦਾ ਦੂਜਾ ਨਾਮ ਸੀ ਪ੍ਰਿੰਸੀਪਲ ਗੁਰਮੁਖ ਸਿੰਘ ਸੰਧੂ— ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾਃ 26 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਪੰਜਾਬ ਦੇ ਸਰਪ੍ਰਸਤ ਪ੍ਰਿੰਸੀਪਲ ਗੁਰਮੁਖ ਸਿੰਘ ਸੰਧੂ ਮਾਣੂੰਕੇ ਅੱਜ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ।
ਪੰਜਾਬ ਅੱਜ ਉੱਘੇ ਸਮਾਜ ਸੇਵਕ, ਦੂਰਅੰਦੇਸ਼ ਦਾਰਸ਼ਨਿਕ, ਸਮਾਜ ਸੇਵੀ, ਪੇਂਡੂ ਸਿਖਿਆ ਸ਼ਾਸਤਰੀ, ਖੇਡ ਪ੍ਰਮੋਟਰ ਅਤੇ ਦਲੇਰ ਵਿਕਾਸ ਪੁਰਸ਼ , ਕਹਿਣੀ ਕਥਨੀ ਦੇ ਪੂਰੇ,ਵਿਅਕਤੀਤੱਵ ਤੋਂ ਵਾਂਝਾ ਹੋ ਗਿਆ ਹੈ।
ਉਹ ਕਮਲਜੀਤ ਖੇਡਾਂ ਦੇ ਪਿੱਛੇ ਇਕ ਵੱਡੀ ਸ਼ਕਤੀ ਅਤੇ ਮੋਢੀਆਂ ਵਿਚੋਂ ਸਨ। ਮਾਣੂੰਕੇ ਪਿੰਡ ਦੇ ਸਰਪੰਚ ਅਤੇ ਇਲਾਕੇ ਜਗਰਾਉਂ ਦੀ ਵੱਡੀ ਸਖਸੀਅਤ ਸਨ । ਮਾਲਵੇ ਦੇ ਇਸ ਸਰਦਾਰ ਨੇ ਮਝੈਲਾਂ ਨਾਲ ਪਾਈ ਯਾਰੀ ਨੂੰ ਆਖਰੀ ਸੁਆਸਾਂ ਤੱਕ ਨਿਭਾਇਆ।
ਸਦਾ ਚੜ੍ਹਦੀ ਕਲਾ ਵਿਚ ਰਹਿਣ ਦਾ ਗੁਰ ਦੱਸਿਆ। ਉਨ੍ਹਾਂ ਦਾ ਨਾਂ ਸੁਰਜੀਤ -ਕਮਲਜੀਤ ਖੇਡ ਮੈਦਾਨ ਵਿੱਚ ਗੂੰਜਦਾ ਰਹੇਗਾ ।
ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਚੇਅਰਮੈਨ ਤੇ ਸ. ਗੁਰਮੁਖ ਸਿੰਘ ਸੰਧੂ ਦੇ ਨਿਕਟਵਰਤੀ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ ਨੇ ਸ. ਸੰਧੂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ
ਆਪਣੇ ਪੁਰਖਿਆਂ ਦੀ ਯਾਦ ਵਿੱਚ ਭਾਈ ਦਾਨ ਸਿੰਘ ਯਾਦਗਾਰੀ ਸਕੂਲ ਮਾਣੂੰਕੇ ਸਥਾਪਤ ਕਰਕੇ ਉਨ੍ਹਾਂ ਜਗਰਾਉਂ ਤਹਿਸੀਲ ਵਿੱਚ ਸਿਖਿਆ ਦਾ ਝੰਡਾ ਬੁਲੰਦ ਕੀਤਾ। ਪੰਜਾਬ ਦੇ ਆਖਰੀ ਪ੍ਰਭੂਸੱਤਾ ਸੰਪੰਨ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਬਸੀਆਂ ਕੋਠੀ ਨੂੰ ਵਿਕਸਤ ਕਰਨ ਵਿੱਚ ਉਨ੍ਹਾਂ ਦਾ ਇਤਿਹਾਸਕ ਯੋਗਦਾਨ ਸੀ। 1981-82 ਵਿੱਚ ਸ. ਗੁਰਮੁਖ ਸਿੰਘ ਸੰਧੂ ਨੇ ਸ. ਜਗਦੇਵ ਸਿੰਘ ਜੱਸੋਵਾਲ ਨਾਲ ਮਿਲ ਕੇ ਪਹਿਲੀ ਵਾਰ ਇਸ ਇਤਿਹਾਸਕ ਕੋਠੀ ਦਾ ਮਹੱਤਵ ਸੰਸਾਰ ਨੂੰ ਦੱਸਿਆ। ਆਪਣੇ ਪਿੰਡੋਂ ਟਰੈਕਟਰ ਤੇ ਕਾਮੇ ਲਿਆ ਕੇ ਆਪ ਨੇ ਇਸ ਵਿੱਚ ਉੱਗੇ ਝਾੜਾਂ ਨੂੰ ਸਾਫ਼ ਕਰਵਾਇਆ। ਉਹ ਇਲਾਕੇ ਦੀ ਸਿਰਕੱਢ ਹਸਤੀ ਸਨ ਤੇ ਸ. ਜਗਦੇਵ ਸਿੰਘ ਤਲਵੰਡੀ ਧੜੇ ਦੇ ਥੰਮ ਵਜੋਂ ਜਾਣੇ ਜਾਂਦੇ ਸਨ।
ਮਹਾਰਾਜਾ ਦਲੀਪ ਸਿੰਘ ਟਰਸਟ ਦੇ ਆਗੂਆਂ ਪਰਮਿੰਦਰ ਸਿੰਘ ਜੱਟਪੁਰੀ ਤੇ ਅਮਨਦੀਪ ਸਿੰਘ ਗਿੱਲ ਨੇ ਵੀ ਸ. ਗੁਰਮੁਖ ਸਿੰਘ ਮਾਣੂੰਕੇ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

