ਸਰੀ, 28 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਰੰਗਮੰਚ ਦੇ ਉੱਘੇ ਨਾਟਕਕਾਰ ਡਾ. ਸਾਹਿਬ ਸਿੰਘ
ਵੱਲੋਂ ਵਾਈਟ ਰੌਕ ਵਿਚ ਲਗਾਤਾਰ ਦੋ ਦਿਨ ਪੇਸ਼ ਕੀਤਾ ਗਿਆ ਨਾਟਕ ‘ਸੰਦੂਕੜੀ ਖੋਲ੍ਹ
ਨਰੈਣਿਆ’ ਲੋਕ-ਮਨਾਂ ‘ਤੇ ਗਹਿਰਾ ਪ੍ਰਭਾਵ ਛੱਡ ਗਿਆ। ਨਾਟਕ ਵਿਚ ਪੇਸ਼ ਕੀਤੀ ਤਿੰਨ
ਨੌਜਵਾਨਾਂ ਦੀ ਕਹਾਣੀ ਰਾਹੀਂ ਪੰਜਾਬੀਆਂ ਅਤੇ ਵਿਸ਼ੇਸ਼ ਕਰ ਕੇ ਪੰਜਾਬ ਦੀ ਨੌਜਵਾਨ
ਪੀੜ੍ਹੀ ਦੀ ਮਾਨਸਿਕਤਾ, ਵਿਦੇਸ਼ਾਂ ਵਿਚ ਨੌਜਵਾਨਾਂ ਦੀ ਹਾਲਤ, ਨਸ਼ਿਆਂ ਦਾ ਪ੍ਰਵਾਹ ਅਤੇ
ਪੰਜਾਬ ਵਿਚਲੇ ਸਮਾਜਿਕ, ਰਾਜਨੀਤਕ, ਨਿਆਂਇਕ ਵਰਤਾਰੇ ਦੀ ਅਸਲੀਅਤ ਪੇਸ਼ਕਾਰੀ ਨੇ ਦਰਸ਼ਕਾਂ
ਨੂੰ ਬੁਰੀ ਤਰ੍ਹਾਂ ਟੰਜੋੜਿਆ। ਦੋਵੇਂ ਦਿਨ ਹਾਲ ਖਚਾਖਚ ਭਰਿਆ ਰਿਹਾ ਅਤੇ ਸੈਂਕੜੇ
ਦਰਸ਼ਕਾਂ ਨੇ ਪੰਜਾਬੀ ਰੰਗਮੰਚ ਦੀ ਉੱਤਮ ਕਲਾ ਦਾ ਆਨੰਦ ਮਾਣਿਆਂ। ਨਾਟਕ ਵਿਚ ਡਾ. ਸਾਹਿਬ
ਸਿੰਘ ਨੇ ਆਪਣੀ ਕਲਾ ਰਾਹੀਂ ਅਜਿਹੇ ਭਾਵਪੂਰਤ ਦ੍ਰਿਸ਼ ਸਿਰਜੇ ਕਿ ਸੈਂਕੜੇ ਦਰਸ਼ਕਾਂ ਦੀਆਂ
ਅੱਖਾਂ ਨਮ ਹੋਣੋਂ ਨਾ ਰਹਿ ਸਕੀਆਂ। ਨਾਟਕ ਦੇ ਅਖੀਰ ਵਿਚ ਨਰੈਣੇ ਦੀ ਸੰਦੂਕੜੀ ‘ਚੋਂ
ਕਿਰਤੀ ਲੋਕਾਂ ਦੇ ਰੌਸ਼ਨ ਭਵਿੱਖ ਲਈ ਸਾਂਭ ਕੇ ਰੱਖੇ ਹੋਏ ਫੁੱਲਾਂ ਦੀ ਵਰਖਾ ਦਰਸ਼ਕਾਂ
ਉੱਪਰ ਕਰ ਕੇ ਇੱਕ ਚੇਤਨ ਸਮਾਜ ਸਿਰਜਣ ਦੇ ਦਿੱਤੇ ਹੋਕੇ ਨੂੰ ਦਰਸ਼ਕਾਂ ਨੇ ਖੜ੍ਹੇ ਹੋ ਕੇ
ਭਰਪੂਰ ਤਾੜੀਆਂ ਨਾਲ ਪ੍ਰਵਾਨ ਕੀਤਾ।
ਇਸ ਨਾਟਕ ਦਾ ਪ੍ਰਬੰਧ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਅਤੇ ਡੈਨਾਮਿਕ ਕ੍ਰੀਏਟਿਵ
ਹੋਰੀਜ਼ਨਜ਼ ਵੱਲੋਂ ਕੀਤਾ ਗਿਆ। ਇਸ ਮੌਕੇ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ਡਾ.
ਸਾਹਿਬ ਅਤੇ ਬੀ.ਸੀ. ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਨੂੰ ਸਨਮਾਨਿਤ ਕੀਤਾ ਗਿਆ।
