ਕੋਟਕਪੂਰਾ, 2 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਲਾਕੇ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸਕੂਲ, ਕੋਟਕਪੂਰਾ ਵਿਖੇ ਸੀ.ਬੀ.ਐੱਸ.ਈ. ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਿਤੀ 22 ਜੁਲਾਈ, 2024 ਤੋਂ 28 ਜੁਲਾਈ, 2024 ਤੱਕ ਵੱਖ-ਵੱਖ ਗਤੀਵਿਧੀਆਂ ਨੂੰ ਉਲੀਕਦਿਆਂ ‘ਸਿੱਖਿਆ ਸਪਤਾਹ’ ਪ੍ਰੋਗਰਾਮ ਰੱਖਿਆ ਗਿਆ। ਇਸ ਦੌਰਾਨ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕਾਂ ਵੱਲੋਂ ਸਕੂਲ ਮੁਖੀ ਪ੍ਰਿੰਸੀਪਲ ਅਜੇ ਸ਼ਰਮਾ, ਕੋਆਰਡੀਨੇਟਰਜ਼ ਗਗਨਦੀਪ ਸਿੰਘ ਬਰਾੜ, ਸ੍ਰੀਮਤੀ ਵੀਨਾ ਗਰੋਵਰ, ਸ੍ਰੀਮਤੀ ਹਰਬਿੰਦਰ ਕੌਰ ਬਰਾੜ ਦੀ ਸੁਚੱਜੀ ਅਗਵਾਈ ਅਧੀਨ ਗਤੀਵਿਧੀਆਂ ਦਾ ਪ੍ਰਬੰਧਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਖੇਡਾਂ, ਕਲਾ ਪ੍ਰਦਰਸ਼ਿਤ ਗਤੀਵਿਧੀਆਂ, ਕਹਾਣੀ ਕਹਿਣਾ (ਸੁਣਾਉਣ), ਸੱਭਿਆਚਾਰਕ ਗਤੀਵਿਧੀਆਂ ਸਰੀਰਕ ਸਿੱਖਿਆ ਅਧਿਆਪਕਾਂ, ਕਲਾ ਅਧਿਆਪਕਾਂ ਅਤੇ ਅੰਗਰੇਜ਼ੀ ਵਿਭਾਗ ਦੇ ਅਧਿਆਪਕਾਂ ਵੱਲੋਂ ਕਰਵਾਈਆਂ ਗਈਆਂ। ਸਾਇੰਸ ਵਿਭਾਗ ਵੱਲੋਂ ਪਾਣੀ ਦੀ ਸ਼ੁੱਧਤਾ ਸਬੰਧੀ ਅਤੇ ਸਮਾਜਿਕ ਸਿੱਖਿਆ ਵਿਭਾਗ ਵੱਲੋਂ ‘ਵੇਚ-ਖਰੀਦ ਤਕਨੀਕਾਂ ਵਿੱਚ ਮਾਰਕੀਟ ਦੀ ਵੱਖ-ਵੱਖ ਭੂਮਿਕਾ’ ਗਤੀਵਿਧੀ ਰਾਹੀਂ ਬੱਚਿਆਂ ਨੂੰ ਸਿੱਖਿਅਤ ਕੀਤਾ ਗਿਆ। ਇਸ ਤਰ੍ਹਾਂ ‘ਦਰੱਖ਼ਤ ਲਗਾਓ ਲਹਿਰ’ ਅਤੇ ਪੋਸਟਰ ਮੇਕਿੰਗ ਰੈਲੀ ਵੀ ਆਯੋਜਿਤ ਕੀਤੀ ਗਈ। ਇਸ ਤੋਂ ਇਲਾਵਾ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਬਰਸਾਤੀ ਬਿਮਾਰੀਆਂ ਡੇਂਗੂ ਤੇ ਮਲੇਰੀਏ ਤੋਂ ਵੀ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ। ਕੁਦਰਤ ਦੀ ਸਾਂਭ-ਸੰਭਾਲ ਲਈ ਪੌਦੇ ਵੀ ਲਗਾਏ ਗਏ। ਇਹਨਾਂ ਕਾਰਜਾਂ ਨਾਲ ਸਾਰੇ ਹੀ ਵਿਦਿਆਰਥੀਆਂ ਨੇ ਉਤਸ਼ਾਹ-ਪੂਰਵਕ ਗਿਆਨ ਵਿੱਚ ਵਾਧਾ ਕੀਤਾ।ਸਮੁੱਚੀ ਕਾਰਜ਼-ਸ਼ੈਲੀ ਲਈ ਸਕੂਲ ਪ੍ਰਬੰਧਕੀ ਕਮੇਟੀ ਦੇ ਜਨਰਲ ਡਾਇਰੈਕਟਰ ਜਸਬੀਰ ਸਿੰਘ ਸੰਧੂ ਅਤੇ ਹੋਰ ਅਹੁਦੇਦਾਰਾਂ ਨੇ ਪ੍ਰਿੰਸੀਪਲ ਸਾਹਿਬ ਅਤੇ ਪਾਠ ਸਹਾਇਕ ਕਿਰਿਆਵਾਂ ਦੇ ਮੁਖੀਆਂ ਨੂੰ ਪ੍ਰਸੰਸਾ ਸੰਦੇਸ਼ ਭੇਜਿਆ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਗੀਤਵਿਧੀਆਂ ਲਈ ਪ੍ਰੇਰਿਤ ਕੀਤਾ।