ਰੱਖੜੀ ਦੇ ਤਿਉਹਾਰ ‘ਤੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਐੱਸ.ਡੀ.ਐੱਮ. ਵੱਲੋਂ ਪੋਸਟਰ ਕਰਵਾਇਆ ਗਿਆ ਜਾਰੀ
ਕੋਟਕਪੂਰਾ, 3 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਦੀ ਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਆਮ ਲੋਕਾਂ ਨਾਲ ਸਬੰਧਿਤ ਵਿਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੱਖੜੀ ਦੇ ਪਵਿੱਤਰ ਤਿਉਹਾਰ ਦਾ ਸਹਾਰਾ ਲਿਆ ਹੈ। ਇਸ ਸਬੰਧ ਵਿੱਚ ਐਸੋਸੀਏਸ਼ਨ ਵਲੋਂ ਪ੍ਰਧਾਨ ਵਿਪਨ ਬਿੱਟੂ ਦੀ ਅਗਵਾਈ ਹੇਠ ਇਕ ਪੋਸਟਰ ਬਣਾਇਆ ਗਿਆ ਹੈ। ਇਸ ਸਬੰਧੀ ਐਸੋਸੀਏਸ਼ਨ ਦਾ ਇਕ ਵਫਦ ਅੱਜ ਵੀਰਪਾਲ ਕੌਰ ਐੱਸ.ਡੀ.ਐੱਮ. ਕੋਟਕਪੂਰਾ ਨੂੰ ਮਿਲਿਆ ਅਤੇ ਜਨਤਕ ਮੁੱਦਿਆਂ ਬਾਰੇ ਜਾਗਰੂਕ ਕਰਦਾ ਹੋਇਆ ਇਹ ਪੋਸਟਰ ਉਨ੍ਹਾਂ ਤੋਂ ਜਾਰੀ ਕਰਵਾਇਆ ਗਿਆ, ਇਸ ਸਬੰਧ ਵਿਚ ਪ੍ਰਧਾਨ ਵਿਪਨ ਬਿੱਟੂ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ਉੱਤੇ ਹਰ ਤਿਉਹਾਰ ਮੌਕੇ ‘ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਤੇ ਕੋਈ ਅਹਿਮ ਸੁਨੇਹਾ ਦੇਣ ਲਈ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਰੱਖੜੀ ਦੇ ਤਿਉਹਾਰ ਮੌਕੇ ‘ਤੇ ਇਸ ਪੋਸਟਰ ਰਾਹੀਂ ਹਰ ਰੱਖੜੀ ਬੰਨ੍ਹਣ ਲੱਗੀ ਭੈਣ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਭਰਾ ਨੂੰ ਰੱਖੜੀ ਬੰਨਣ ਤੋਂ ਪਹਿਲਾਂ ਤਿੰਨ ਵਚਨ ਜ਼ਰੂਰ ਲਵੇ, ਜਿਨ੍ਹਾਂ ਵਿੱਚ ਕੋਈ ਵੀ ਭਰਾ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਨਹੀਂ ਦੇਵੇਗਾ, ਵਾਤਾਵਰਣ ਨੂੰ ਬਚਾਉਣ ਲਈ ਇਕ ਪੌਦਾ ਜ਼ਰੂਰ ਲਾਏਗਾ ਅਤੇ ਉਸਦੀ ਸੰਭਾਲ ਵੀ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਮਰਚੈਂਟਸ ਐਸ਼ੋਸੀਏਸ਼ਨ ਵੱਲੋਂ ਪ੍ਰਧਾਨ ਵਿਪਨ ਕੁਮਾਰ (ਬਿੱਟੂ), ਜਨਰਲ ਸਕੱਤਰ ਮੋਹਿਤ ਸਿੰਗਲਾ, ਸੰਗਠਨ ਸਕੱਤਰ ਗਗਨ ਆਹੂਜਾ, ਜੁਆਇੰਟ ਕੈਸ਼ੀਅਰ ਅਮਿਤ ਮਿੱਤਲ ਆਦਿ ਵੀ ਹਾਜਰ ਸਨ।
