ਕੈਂਪ ਲਾ ਕੇ 253 ਲੋੜਵੰਦ ਦਿਵਿਆਂਗਜਨਾਂ ਦੀ ਕੀਤੀ ਗਈ ਸੀ ਰਜਿਸਟ੍ਰੇਸ਼ਨ
ਕੋਟਕਪੂਰਾ, 6 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਅਤੇ ਏਜੰਸੀ ਐਲਿਮਕੋ ਮੁਹਾਲੀ ਵਲੋਂ ਜਿਲਾ ਪ੍ਰਸ਼ਾਸ਼ਨ ਸਮਾਜਿਕ ਸੁਰੱਖਿਆ ਵਿਭਾਗ ਅਤੇ ਰੈੱਡ ਕਰਾਸ ਸ਼ਾਖਾ ਫਰੀਦਕੋਟ ਦੀ ਸਹਾਇਤਾ ਨਾਲ ਸਥਾਨਕ ਅਮਰ ਆਸ਼ਰਮ ’ਚ ਐਡਿਪ ਸਕੀਮ ਅਧੀਨ ਦਿਵਿਆਂਗਜਨਾਂ ਨੂੰ ਮੁਫਤ ਉਪਕਰਨਾਂ ਦੀ ਵੰਡ ਕੀਤੀ ਗਈ। ਜਿਸ ’ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਅਤੇ ਇਨਾਂ ਦੀ ਮੱਦਦ ਕਰਨਾ ਸਾਡਾ ਨੈਤਿਕ ਫਰਜ਼ ਬਣਦਾ ਹੈ। ਉਨਾਂ ਕਿਹਾ ਕਿ ਦਿਵਿਆਂਗਜਨਾਂ ਨੂੰ ਸਹਾਇਕ ਉਪਕਰਨਾਂ ਦੀ ਵੰਡ ਕਰਨਾ ਉਨਾ ਨੂੰ ਸਮਾਜ ਦੀ ਧਾਰਾ ਨਾਲ ਜੋੜਨ ਦਾ ਇੱਕ ਨਿੱਕਾ ਜਿਹਾ ਉਪਰਾਲਾ ਹੈ, ਤਾਂ ਜੋ ਉਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਕਿਹਾ ਕਿ ਇਨਾਂ ਲੋੜਵੰਦ ਦਿਵਿਆਂਗਣਾਂ ਨੂੰ ਜਰੂਰਤ ਅਨੁਸਾਰ ਟਰਾਈ ਸਾਈਕਲ, ਵੀਅਲ ਚੇਅਰ, ਫੜੀਆਂ ਅਤੇ ਕੰਨ ’ਤੇ ਲਾਉਣ ਵਾਲੀਆਂ ਮਸ਼ੀਨਾਂ ਦਿੱਤੀਆਂ ਗਈਆਂ ਹਨ। ਇਸ ਮੌਕੇ ਸਕੱਤਰ ਰੈੱਡ ਕਰਾਸ ਮਨਦੀਪ ਮੌਂਗਾ ਨੇ ਕਿਹਾ ਕਿ ਅਲਿਮਕੋ ਅਤੇ ਰੈੱਡ ਕਰਾਸ ਸੁਸਾਇਟੀ ਵਲੋਂ ਪਿਛਲੇ ਸਮੇਂ ’ਚ ਕੈਂਪ ਲਾ ਕੇ 253 ਲੋੜਵੰਦ ਦਿਵਿਆਂਗਜਨਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਸੀ। ਉਨਾਂ ਕਿਹਾ ਕਿ ਲਗਭਗ 74 ਲੱਖ ਦੀ ਰਾਸ਼ੀ ਨਾਲ 495 ਸਹਾਇਕ ਉਪਰਕਰਨਾਂ, ਜਿੰਨਾ ’ਚ 120 ਮੋਟਰਾਈਜ਼ਡ ਟਰਾਈਸਾਈਕਲ, 77 ਟਰਾਈਸਾਈਕਲ, 27 ਵੀਲਚੇਅਰ, 8 ਕੰਨਾਂ ਦੀ ਮਸੀਨ, 5 ਬਰੇਲ ਕਿੱਟ, 1 ਬਰੇਲ ਕੈਨ, 4 ਸੁਗਮਿਆ ਕੈਨ, 180 ਬੈਸਾਖੀਆਂ, 8 ਰੋਲੇਟਰ, 21 ਛੜੀਆਂ, 1 ਸੀ.ਪੀ. ਚੇਅਰ ਅਤੇ 43 ਨਕਲੀ ਅੰਗ ਅਤੇ ਕੈਲੀਪਰ ਆਦਿ ਮੁਹੱਈਆ ਕਰਵਾਏ ਗਏ ਹਨ। ਸਟੇਜ ਸੈਕਟਰੀ ਦੀ ਭੂਮਿਕਾ ਜਸਬੀਰ ਸਿੰਘ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਤੇਜ ਸਿੰਘ ਖੋਸਾ ਜਿਲਾ ਪ੍ਰਧਾਨ (ਚੇਅਰਮੈਨ ਨਗਰ ਸੁਧਾਰ ਟਰੱਸਟ ਫਰੀਦਕੋਟ), ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀਆਰਓ, ਗੁਰਮੀਤ ਸਿੰਘ ਗਿੱਲ ਧੂੜਕੋਟ ਬਲਾਕ ਪ੍ਰਧਾਨ, ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ।