ਵਿਜੀਲੈਂਸ ਵਿਭਾਗ ਨੇ ਆਰ.ਟੀ.ਏ. ਦਫਤਰ ਦੇ ਕੁਝ ਰਿਕਾਰਡ ਵੀ ਆਪਣੇ ਕਬਜੇ ’ਚ ਲਏ
ਫਰੀਦਕੋਟ, 9 ਅਗਸਤ (ਵਰਲਡ ਪੰਜਾਬੀ ਟਾਈਮਜ਼)
ਵਿਜੀਲੈਂਸ ਬਿਊਰੋ ਦੀ ਟੀਮ ਨੇ ਸਥਾਨਕ ਆਰਟੀਏ ਦਫਤਰ ਦੀ ਅਚਾਨਕ ਚੈਕਿੰਗ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਆਰਟੀਏ ਦਫਤਰ ’ਚ ਆਪਣੇ ਕੰਮ-ਕਾਰਾਂ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਸ਼ਿਕਾਇਤਾਂ ਸੁਣੀਆਂ। ਕੁਝ ਲੋਕਾਂ ਨੇ ਆਰਟੀਏ ਦਫਤਰ ’ਤੇ ਕੰਮ ਨਾ ਕਰਨ ਅਤੇ ਰਿਸ਼ਵਤ ਲੈਣ ਦੇ ਦੋਸ਼ ਵੀ ਲਾਏ। ਵਿਜੀਲੈਂਸ ਵਿਭਾਗ ਨੇ ਇਨਾਂ ਬੰਦਿਆਂ ਦੀਆਂ ਸ਼ਿਕਾਇਤਾਂ ਅਤੇ ਬਿਆਨ ਵੀ ਲਿਖੇ। ਵਿਜੀਲੈਂਸ ਦੇ ਅਧਿਕਾਰੀਆਂ ਨੇ ਕਿਹਾ ਕਿ ਆਰ.ਟੀ.ਏ. ਦਫਤਰ ਵਿੱਚ ਆਪਣੇ ਕੰਮ ਕਰਨ ਲਈ ਆਏ ਲੋਕਾਂ ਦੀਆਂ ਮਿਲੀਆਂ ਸ਼ਿਕਾਇਤਾਂ ਨੂੰ ਉਹ ਪੰਜਾਬ ਸਰਕਾਰ ਤੱਕ ਪੁੱਜਦਾ ਕਰਨਗੇ ਅਤੇ ਖੁਦ ਵੀ ਇਸ ਮਾਮਲੇ ਦੀ ਪੜਤਾਲ ਕਰਨਗੇ। ਇਸੇ ਦਰਮਿਆਨ ਪਤਾ ਲੱਗਾ ਹੈ ਕਿ ਵਿਜੀਲੈਂਸ ਵਿਭਾਗ ਨੇ ਆਰਟੀਏ ਦਫਤਰ ਦੇ ਕੁਝ ਰਿਕਾਰਡ ਨੂੰ ਵੀ ਆਪਣੇ ਕਬਜੇ ਵਿੱਚ ਲਿਆ ਹੈ। ਆਰ.ਟੀ.ਏ. ਦਫਤਰ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਵਿਵਾਦਾਂ ਵਿੱਚ ਹੈ ਅਤੇ ਹੁਣ ਤੱਕ 4 ਆਰ.ਟੀ.ਏ. ਅਧਿਕਾਰੀਆਂ ਖਿਲਾਫ ਭਿ੍ਰਸ਼ਟਾਚਾਰ ਅਤੇ ਜਾਅਲੀ ਦਸਤਾਵੇਜ ਬਣਾਉਣ ਦੇ ਇਲਜਾਮਾਂ ਤਹਿਤ ਪਰਚਾ ਦਰਜ ਹੋ ਚੁੱਕਾ ਹੈ। ਇਸ ਵੇਲੇ ਆਰ.ਟੀ.ਏ. ਦਫਤਰ ਵਿੱਚ 4000 ਤੋਂ ਵੱਧ ਫਾਈਲਾਂ ਲਟਕੀਆਂ ਹੋਈਆਂ ਹਨ, ਜਿੰਨਾਂ ’ਤੇ ਵਿਭਾਗ ਦੇ ਅਧਿਕਾਰੀ ਕੰਮ ਨਹੀਂ ਕਰ ਰਹੇ ਅਤੇ ਲਗਾਤਾਰ ਲੋਕ ਦਫਤਰਾਂ ਦੇ ਗੇੜੇ ਮਾਰ ਰਹੇ ਹਨ। ਅਚਾਨਕ ਸੂਚਨਾ ਮਿਲਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਅੱਜ ਦਫਤਰ ਦੀ ਚੈਕਿੰਗ ਕਰਕੇ ਪੂਰੀ ਸਥਿਤੀ ਜਾਨਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰਿਸ਼ਵਤਖੋਰੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।