ਰੋਪੜ, 10 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਦੁਬਈ ਦੇ ਉੱਘੇ ਕਾਰੋਬਾਰੀ ਅਤੇ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ. ਸਿੰਘ ਉਬਰਾਏ ਅੱਜ ਰੋਪੜ ਵਿਖੇ ਪਹੁੰਚੇ। ਜਿੱਥੇ ਉਹਨਾਂ ਟਰੱਸਟ ਵੱਲੋਂ ਬਣਵਾਏ ਗਏ ਮਕਾਨਾਂ ਦੀਆਂ ਚਾਬੀਆਂ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ। ਜਿਨ੍ਹਾਂ ਵਿੱਚੋਂ ਇੱਕ 95 ਸਾਲਾ ਮਾਤਾ ਪ੍ਰੀਤਮ ਕੌਰ ਵਾਸੀ ਪਿੰਡ ਹੁਸੈਨਪੁਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਛਲਕ ਆਏ। ਜੋ ਆਪਣੇ ਪਰਿਵਾਰ ਲਈ ਮਕਾਨ ਮਿਲਣ ‘ਤੇ ਸ. ਓਬਰਾਏ ਸਾਹਬ ਤੇ ਸਾਥੀਆਂ ਨੂੰ “ਜੁਗ ਜੁਗ ਜਿਉਣ” ਦੀਆਂ ਅਸੀਸਾਂ ਦਿੰਦੀ ਨਹੀਂ ਥੱਕੀ। ਸ. ਉਬਰਾਏ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਵੱਖੋ-ਵੱਖ ਕਾਰਜਾਂ ਬਾਰੇ ਦੱਸਿਆ ਕਿ ਰੋਪੜ ਵਿੱਚ ਇਹਨਾਂ ਪੰਜ ਮਕਾਨਾਂ ਤੋਂ ਇਲਾਵਾ ਪਹਿਲਾਂ ਅੱਠ ਮਕਾਨ ਲੋੜਵੰਦ ਪਰਿਵਾਰਾਂ ਨੂੰ ਸੌਂਪੇ ਜਾ ਚੁੱਕੇ ਹਨ ਹਨ ਅਤੇ ਛੇ ਉਸਾਰੀ ਅਧੀਨ ਹਨ। ਤਕਰੀਬਨ 25 ਕੁ ਅਰਜੀਆਂ ਹੋਰ ਆਈਆਂ ਹੋਈਆਂ ਹਨ। ਜਿਨ੍ਹਾਂ ਉੱਤੇ ਜਲਦ ਹੀ ਗ਼ੌਰ ਕੀਤਾ ਜਾਵੇਗਾ। ਇਸੇ ਦੌਰਾਨ ਜੇ.ਕੇ. ਜੱਗੀ ਜਿਲ੍ਹਾ ਪ੍ਰਧਾਨ ਰੂਪਨਗਰ ਵੱਲੋਂ ਵੀ ਟਰੱਸਟ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਕੰਮਾਂ ਬਾਰੇ ਚਾਨਣਾ ਪਾਇਆ ਗਿਆ। ਲਾਭਪਾਤਰੀਆਂ, ਪੰਚਾਇਤ ਪਿੰਡ ਹੁਸੈਨਪੁਰ ਤੇ ਰਮਿੰਦਰ ਸਿੰਘ ਜੇ.ਈ. (ਰਿਟਾ.) ਵੱਲੋਂ ਸ. ਉਬਰਾਏ, ਸ਼੍ਰੀ ਜੱਗੀ ਅਤੇ ਟਰੱਸਟ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਅੱਜ ਦੇ ਇਸ ਮੁਬਾਰਕ ਦਿਨ ‘ਤੇ ਡਾ. ਸਰਬਜਿੰਦਰ ਸਿੰਘ ਡੀਨ ਪੰਜਾਬੀ ਯੂਨੀਵਰਸਿਟੀ ਅਤੇ ਸ. ਸੁਰਿੰਦਰ ਸਿੰਘ ਜਿਲ੍ਹਾ ਪ੍ਰਧਾਨ ਪਟਿਆਲਾ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਟਰੱਸਟ ਮੈਂਬਰ ਅਸ਼ਵਨੀ ਖੰਨਾ, ਸੁਖਦੇਵ ਸ਼ਰਮਾ, ਮਨਮੋਹਨ ਕਾਲੀਆ, ਮਦਨ ਗੁਪਤਾ, ਨਿੱਕਾ ਰਾਮ, ਅਸ਼ੋਕ ਰਾਣਾ, ਮਨਜੀਤ ਸਿੰਘ ਅਬਿਆਣਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

