2.30 ਲੱਖ ਦੀ ਲਾਗਤ ਨਾਲ ਕਰਵਾਇਆ ਗਿਆ ਨਵੀਨੀਕਰਨ : ਸੰਧਵਾਂ
ਕੋਟਕਪੂਰਾ 11 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਲਾਇਬ੍ਰੇਰੀਆਂ ਖੋਲੀਆਂ ਜਾ ਰਹੀਆਂ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਵਿਖੇ ਗੁਰੂ ਗੋਬਿੰਦ ਸਿੰਘ ਮਿਉਂਸੀਪਲ ਲਾਇਬਰੇਰੀ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨਾਂ ਦੱਸਿਆ ਕਿ ਪੀ.ਐਮ. ਯੂਨਾਈਟਡ ਫੰਡ ਤਹਿਤ ਅੰਕੜਾ ਵਿਭਾਗ ਫਰੀਦਕੋਟ ਵੱਲੋਂ 2.30 ਲੱਖ ਦੀ ਗਰਾਂਟ ਨਾਲ ਨਗਰ ਕੌਂਸਲ ਕੋਟਕਪੂਰਾ ਦੀ ਲਾਇਬਰੇਰੀ ਦੇ ਨਵੀਨੀਕਰਨ ਦਾ ਕੰਮ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਕੋਟਕਪੂਰਾ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ ਲਾਇਬ੍ਰੇਰੀ ਵਿੱਚ ਜਿਥੇ ਅਥਾਹ ਗਿਆਨ ਦਾ ਭੰਡਾਰ ਕਿਤਾਬਾਂ ਉਪਲਬੱਧ ਹਨ ਉਥੇ ਇੰਟਰਨੈਟ ਦੀ ਸੁਵਿਧਾ ਵੀ ਉਪਲਬੱਧ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਇੱਕ ਬਹੁਤ ਵਧੀਆ ਪਹਿਲ ਕਦਮੀ ਹੈ। ਇਸ ਲਾਇਬ੍ਰੇਰੀ ਦੇ ਖੁੱਲਣ ਨਾਲ ਨਾ ਕੇਵਲ ਕੋਟਕਪੂਰਾ ਨੂੰ ਹੀ ਬਲਕਿ ਆਸ ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਵੀ ਇੱਕ ਬਹੁਤ ਵਧੀਆ ਪਲੇਟਫਾਰਮ ਮਿਲਿਆ ਹੈ। ਉਹਨਾਂ ਕਿਹਾ ਕਿ ਹੁਣ ਸੂਬੇ ਭਰ ’ਚ ਲਾਇਬ੍ਰੇਰੀਆਂ ਖੋਲੀਆਂ ਜਾ ਰਹੀਆਂ ਹਨ ਤਾਂ ਜੋ ਨੌਜਵਾਨ ਵਰਗ ਨਸਅਿਾਂ ਤੋਂ ਦੂਰ ਹੋ ਕੇ ਪੜਾਈ ਵੱਲ ਉਤਸਾਹਿਤ ਹੋਵੇ ਅਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਵੇ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਕੋਟਕਪੂਰਾ ਰੋਡ ਤੇ ਸਥਿਤ ਸੱਭਿਆਚਾਰਕ ਕੇਂਦਰ ’ਚ ਜ਼ਿਲਾ ਲਾਇਬ੍ਰੇਰੀ ਜੋ ਕਿ ਤਕਰੀਬਨ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਹੈ, ਵਿਚ ਵੀ ਬੱਚਿਆਂ ਅਤੇ ਨੌਜਵਾਨਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਗੁਰਮੀਤ ਸਿੰਘ ਆਰੇਵਾਲਾ ਚੈਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀਆਰਓ, ਸੰਜੀਵ ਕੁਮਾਰ ਕਾਲੜਾ ਬਲਾਕ ਪ੍ਰਧਾਨ, ਗੁਰਮੀਤ ਸਿੰਘ ਗਿੱਲ ਬਲਾਕ ਪ੍ਰਧਾਨ, ਅਮਰਇੰਦਰ ਸਿੰਘ ਕਾਰਜ ਸਾਧਕ ਅਫ਼ਸਰ ਅਤੇ ਦਫਤਰ ਨਗਰ ਕੌਂਸਲ ਕੋਟਕਪੂਰਾ ਦਾ ਸਟਾਫ਼ ਹਾਜਰ ਸਨ।