ਮਹਿਲ ਕਲਾਂ, 12 ਅਗਸਤ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼)
ਆਮ ਆਦਮੀ ਪਾਰਟੀ ਘੱਟ ਗਿਣਤੀ ਵਿੰਗ ਹਲਕਾ ਮਹਿਲ ਕਲਾਂ ਦੇ ਕੋਆਰਡੀਨੇਟਰ ਜਗਮੋਹਣ ਸ਼ਾਹ ਰਾਏਸਰ ਵਲੋਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਸਮੇਂ ਜਗਮੋਹਣ ਸ਼ਾਹ ਨੇ ਮੌਜ਼ੂਦਾ ਸਮੇਂ ਅੰਦਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਹਨਾਂ ਦਾ ਢੁਕਵਾਂ ਹੱਲ ਕੱਢਣ ਲਈ ਵਿਚਾਰ ਚਰਚਾ ਕੀਤੀ।ਜਗਮੋਹਣ ਸ਼ਾਹ ਨੇ ਮੰਗ ਕੀਤੀ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਲਾਭ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਦਿਵਾਇਆ ਜਾਵੇ ਅਤੇ ਪਿੰਡਾਂ ਅੰਦਰ ਤਾਲੀਮ ਦੇਣ ਵਾਸਤੇ ਮਦਰੱਸੇ ਬਣਾਏ ਜਾਣ ।ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਉਪਰੋਕਤ ਗੱਲਾਂ ਧਿਆਨ ਨਾਲ ਸੁਣਨ ਉਪਰੰਤ ਕੌਮ ਦੇ ਲੋਕਾਂ ਨੂੰ ਹਰ ਪੱਖੋ ਸਹਿਯੋਗ ਦੇਣ ਦਾ ਭਰੋਸਾ ਦਿੱਤਾ ।